
ਮਹਾਰਾਸ਼ਟਰ ਦੇ ਸੰਗਲੀ ਜ਼ਿਲ੍ਹੇ ਦੇ ਭੋਸੇ ਪਿੰਡ ਵਿਚ 400 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਇਕ ਵਾਰ ਫੇਰ ਸੁਰਖ਼ੀਆਂ ਵਿਚ ਹੈ
ਸੰਗਲੀ, 25 ਜੁਲਾਈ : ਮਹਾਰਾਸ਼ਟਰ ਦੇ ਸੰਗਲੀ ਜ਼ਿਲ੍ਹੇ ਦੇ ਭੋਸੇ ਪਿੰਡ ਵਿਚ 400 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਇਕ ਵਾਰ ਫੇਰ ਸੁਰਖ਼ੀਆਂ ਵਿਚ ਹੈ। ਦਰਅਸਲ, ਇਸ ਰੁੱਖ ਨੂੰ ਬਚਾਉਣ ਲਈ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਉਸਾਰੀ ਅਧੀਨ ਹਾਈਵੇ ਦਾ ਨਕਸ਼ਾ ਬਦਲਣਾ ਪਿਆ। ਦਸਿਆ ਜਾਂਦਾ ਹੈ ਕਿ ਇਹ ਵਿਸ਼ਾਲ ਅਤੇ ਪੁਰਾਣਾ ਰੁੱਖ ਉਸਾਰੀ ਅਧੀਨ ਰਤਨਾਗਿਰੀ-ਨਾਗਪੁਰ ਹਾਈਵੇ ਨੰਬਰ 166 ਦੇ ਵਿਚਕਾਰ ਆ ਰਿਹਾ ਸੀ। ਸੜਕ ਬਣਾਉਣ ਲਈ ਇਸ ਦਰੱਖ਼ਤ ਨੂੰ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ,
File Photo
ਜਿਸ ਦਾ ਵਾਤਾਵਰਣਵਾਦੀ ਕਾਰਕੁਨ ਵਿਰੋਧ ਕਰ ਰਹੇ ਸੀ। ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਵਿਰੋਧ ਦੀ ਆਵਾਜ਼ ਸ਼ੁਕਰਵਾਰ ਨੂੰ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਿਆ ਠਾਕਰੇ ਦੇ ਦਫ਼ਤਰ ਪਹੁੰਚੀ। ਇਸ ਤੋਂ ਬਾਅਦ ਆਦਿਤਿਆ ਠਾਕਰੇ ਨੇ ਤੁਰਤ ਇਸ ਸਬੰਧ ਵ੍ਵਿਚ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਅਤੇ ਇਸ ਰੁੱਖ ਨੂੰ ਬਚਾਉਣ ਦੀ ਮੰਗ ਕੀਤੀ। ਆਦਿੱਤਿਆ ਠਾਕਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਨਿਤਿਨ ਗਡਕਰੀ ਨੇ ਇਸ ਦਰੱਖ਼ਤ ਨੂੰ ਬਚਾਉਣ ਲਈ ਹਾਈਵੇ ਦਾ ਨਕਸ਼ਾ ਖ਼ੁਦ ਬਦਲ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਆਦੇਸ਼ ਦਿਤੇ ਹਨ।
ਜ਼ਿਕਰਯੋਗ ਹੈ ਕਿ ਨਿਰਮਾਣ ਅਧੀਨ ਰਤਨਾਗਿਰੀ-ਨਾਗਪੁਰ ਹਾਈਵੇ ਨੰਬਰ 166 ਸੰਗਲੀ ਜ਼ਿਲ੍ਹੇ ਦੇ ਭੋਸੇ ਪਿੰਡ ਨੇੜਿਉਂ ਲੰਘ ਰਿਹਾ ਹੈ। ਇਸ ਹਾਈਵੇ ਦੇ ਰਸਤੇ ਵਿਚ ਇਕ 400 ਸਾਲ ਪੁਰਾਣਾ ਬੋਹੜ ਦਾ ਦਰੱਖ਼ਤ ਆ ਰਿਹਾ ਸੀ, ਜਿਸ ਨੂੰ ਹਟਾਉਣ ਦੀ ਤਿਆਰੀ ਚੱਲ ਰਹੀ ਸੀ। ਸੰਗਲੀ ਤੋਂ ਆਏ ਵਾਤਾਵਰਣ ਪ੍ਰੇਮੀ ਦਰੱਖ਼ਤ ਵੱਢਣ ਵਿਰੁਧ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਸੋਸ਼ਲ ਮੀਡੀਆ ਦੇ ਜ਼ਰੀਏ ਇਸ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਿਆ ਠਾਕਰੇ ਤਕ ਪਹੁੰਚੀ ਅਤੇ ਉਸ ਨੇ ਇਸ ਮਾਮਲੇ ਵਿਚ ਦਖ਼ਲ ਦਿਤਾ। ਆਦਿੱਤਿਆ ਠਾਕਰੇ ਨੇ ਇਸ ਸਬੰਧ ਵਿਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਅਤੇ ਰੁੱਖ ਨੂੰ ਬਚਾਉਣ ਦੀ ਬੇਨਤੀ ਕੀਤੀ। (ਏਜੰਸੀ)