
2 ਵਿਦੇਸ਼ੀ ਨਾਗਰਿਕਾਂ ਅਤੇ ਕਿੰਗਪਿਨ ਸਮੇਤ ਤਿੰਨ ਗ੍ਰਿਫ਼ਤਾਰ
International drug cartel busted in Delhi: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਅੰਤਰਰਾਸ਼ਟਰੀ ਡਰੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਨੇਪਾਲੀ ਨਾਗਰਿਕਾਂ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਕਰੀਬ 30 ਕਰੋੜ ਰੁਪਏ ਦੀ 63 ਕਿਲੋ ਉੱਚ ਗੁਣਵੱਤਾ ਵਾਲਾ ਗਾਂਜਾ ਬਰਾਮਦ ਕੀਤਾ ਗਿਆ ਹੈ। ਇਹ ਨਸ਼ੀਲੇ ਪਦਾਰਥ ਨੇਪਾਲ ਸਰਹੱਦ ਤੋਂ ਦਿੱਲੀ ਤਸਕਰੀ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਦਿੱਲੀ-ਐਨਸੀਆਰ ਵਿਚ ਸਪਲਾਈ ਕੀਤਾ ਜਾਣਾ ਸੀ।
ਜਾਣਕਾਰੀ ਅਨੁਸਾਰ ਮੁਲਜ਼ਮ ਇੰਟਰਨੈੱਟ ਮੀਡੀਆ ਰਾਹੀਂ ਲੋੜਵੰਦਾਂ ਨੂੰ ਨਸ਼ਾ ਸਪਲਾਈ ਕਰਦੇ ਸਨ। ਜਾਂਚ ਏਜੰਸੀਆਂ ਤੋਂ ਬਚਣ ਲਈ ਸਮੱਗਲਰਾਂ ਨੇ ਕਾਰ 'ਚ ਗੁਪਤ ਖੋਖਾ ਬਣਾਇਆ ਹੋਇਆ ਸੀ। ਇਨ੍ਹਾਂ ਦੇ ਕਬਜ਼ੇ 'ਚੋਂ ਗਾਂਜੇ ਦੀ ਵਿਕਰੀ ਤੋਂ ਕਮਾਏ ਗਏ 1 ਲੱਖ 68 ਹਜ਼ਾਰ ਰੁਪਏ ਸਮੇਤ ਤਸਕਰੀ 'ਚ ਵਰਤੀ ਜਾਂਦੀ ਕਾਰ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ |
ਸਪੈਸ਼ਲ ਕਮਿਸ਼ਨਰ ਸਪੈਸ਼ਲ ਸੈੱਲ ਹਰਗੋਵਿੰਦ ਸਿੰਘ ਧਾਲੀਵਾਲ ਅਨੁਸਾਰ ਫੜੇ ਗਏ ਸਮੱਗਲਰਾਂ ਦੀ ਪਛਾਣ ਸੁਧੀ (ਬਹਰਾਇਚ), ਪਹਿਲਮਨ ਬੁੱਧ ਮਗਰ (ਨੇਪਾਲ) ਅਤੇ ਕੈਲੀ ਬਹਾਦਰ ਅਰਗੇਜਾ ਉਰਫ਼ ਧਨ ਬਹਾਦਰ (ਨੇਪਾਲ) ਵਜੋਂ ਹੋਈ ਹੈ। ਮਾਰੂਤੀ ਸਵਿਫ਼ਟ ਕਾਰ ਦੀ ਪਿਛਲੀ ਸੀਟ ਤੋਂ ਇਲਾਵਾ ਕਿਰਾਏ ਦੇ ਮਕਾਨ ਵਿਚ ਗੁਪਤ ਗੁਫ਼ਾ ਬਣਾ ਰੱਖੀ ਸੀ, ਜਿਥੋਂ ਸੈੱਲ ਦੀ ਟੀਮ ਨੇ 30 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਪੈਕਿੰਗ ਲਈ ਵਰਤਿਆ ਜਾਣ ਵਾਲਾ ਕੁੱਝ ਸਾਮਾਨ, ਤਸਕਰੀ ਵਿਚ ਵਰਤੇ ਜਾਂਦੇ ਕਈ ਮੋਬਾਈਲ ਅਤੇ ਨਕਦੀ ਬਰਾਮਦ ਕੀਤੀ ਹੈ। ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਇਕ ਅੰਤਰਰਾਸ਼ਟਰੀ ਨਸ਼ਾ ਤਸਕਰ ਨੇਪਾਲ ਤੋਂ ਦਿੱਲੀ-ਐਨਸੀਆਰ ਅਤੇ ਵਿਦੇਸ਼ਾਂ ਵਿਚ ਗਾਂਜਾ ਦੀ ਸਪਲਾਈ ਕਰ ਰਿਹਾ ਹੈ।