ਰਾਮ ਮੰਦਰ ਨਿਰਮਾਣ ਸਬੰਧੀ ਸਰਕਾਰ 'ਤੇ ਹਮਲਾ ਜਾਰੀ ਰਖਦਿਆਂ ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੰਦਰ ਮੁੱਦੇ ਦਾ ਪ੍ਰਯੋਗ ਨਹੀਂ ਹੋਣਾ.......
ਅਯੋਧਿਆ (ਉਤਰ ਪ੍ਰਦੇਸ਼) : ਰਾਮ ਮੰਦਰ ਨਿਰਮਾਣ ਸਬੰਧੀ ਸਰਕਾਰ 'ਤੇ ਹਮਲਾ ਜਾਰੀ ਰਖਦਿਆਂ ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੰਦਰ ਮੁੱਦੇ ਦਾ ਪ੍ਰਯੋਗ ਨਹੀਂ ਹੋਣਾ ਚਾਹੀਦਾ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਵੀ ਨਹੀਂ ਕੀਤਾ ਜਾਣਾ ਚਾਹੀਦਾ। ਠਾਕਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿਨ, ਸਾਲ ਅਤੇ ਪੀੜ੍ਹੀਆਂ ਲੰਘਦੀਆਂ ਜਾ ਰਹੀਆਂ ਹਨ ਪਰ ਰਾਮ ਲੱਲਾ ਦਾ ਮੰਦਰ ਨਹੀਂ ਬਣ ਰਿਹਾ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਸੀ ਕਿ ਇਥੇ ਮੰਦਰ ਸੀ, ਹੈ ਅਤੇ ਰਹੇਗਾ। ਪਰ ਉਹ ਮੰਦਰ ਦਿਸੇਗਾ ਕਦੋਂ?
ਉਸ ਦਾ ਜਲਦੀ ਤੋਂ ਜਲਦੀ ਨਿਰਮਾਣ ਹੋਣਾ ਚਾਹੀਦੈ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਲਈ ਕੁਝ ਮਹੀਨੇ ਹੀ ਰਹਿ ਗਏ ਹਨ। ਸਰਕਾਰ ਆਰਡੀਨੈਂਸ ਲਿਆਵੇ। ਸ਼ਿਵਸੈਨਾ ਹਿੰਦੂਤਵ ਲਈ ਹਮੇਸ਼ਾ ਸਾਥ ਦੇ ਰਹੀ ਹੈ ਅਤੇ ਅੱਗੇ ਵੀ ਦੇਵੇਗੀ। ਚਾਹੇ ਕਾਨੂੰਨ ਲਿਆਉ ਜਾਂ ਆਰਡੀਨੈਂਸ ਪਰ ਮੰਦਰ ਜ਼ਰੂਰ ਬਣਵਾਉ। ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਠਾਕਰੇ ਨੇ ਕਿਹਾ ਕਿ ਹਿੰਦੂ ਅੱਜ ਪੁੱਛ ਰਹੇ ਹਨ ਕਿ ਮੰਦਰ ਕਦੋਂ ਬਣੇਗਾ। ਨਾਲ ਹੀ ਸ਼ਿਵਸੈਨਾ ਮੁੱਖੀ ਨੇ ਸਾਫ਼ ਕੀਤਾ ਕਿ ਉਹ ਰਾਜਨੀਤੀ ਕਰਨ ਲਈ ਅਯੋਧਿਆ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਦਾ ਕੋਈ ਗੁਪਤ ਏਜੰਡਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਮੇਂ ਮਿਲੀ ਜੁਲੀ ਸਰਕਾਰ ਸੀ। ਉਸ ਸਮੇਂ ਇਹ ਕੰਮ ਨਹੀਂ ਹੋ ਸਕਿਆ ਪਰ ਮੌਜੂਦਾ ਸਰਕਾਰ ਮਜਬੂਤ ਹੈ ਅਤੇ ਇਹ ਮੰਦਰ ਦਾ ਨਿਰਮਾਣ ਨਹੀਂ ਕਰੇਗੀ ਤਾਂ ਕੌਣ ਕਰੇਗਾ? ਉਨ੍ਹਾਂ ਕਿਹਾ ਕਿ ਇਹ ਸਰਕਾਰ ਮੰਦਰ ਨਹੀਂ ਬਣਵਾਏਗੀ ਤਾਂ ਸ਼ਾਇਦ ਇਹ ਸਰਕਾਰ ਵੀ ਨਹੀਂ ਬਣੇਗੀ ਪਰ ਮੰਦਰ ਜ਼ਰੂਰ ਬਣੇਗਾ। (ਪੀਟੀਆਈ)