
ਸ਼ਿਵਸੈਨਾ ਨੇ ਭਾਜਪਾ ਨੂੰ ਕਿਹਾ ਕਿ ਉਹ ਰਾਮ ਮੰਦਰ ਮੁੱਦੇ 'ਤੇ ਅਪਣਾ ਪੱਖ ਸਪੱਸ਼ਟ ਕਰੇ ਅਤੇ ਸੰਸਦ ਵਿਚ ਇਸ ਬਾਰੇ ਚਰਚਾ ਕਰੇ.......
ਪੰਡਰਪੁਰ (ਮਹਾਂਰਾਸ਼ਟਰ) : ਸ਼ਿਵਸੈਨਾ ਨੇ ਭਾਜਪਾ ਨੂੰ ਕਿਹਾ ਕਿ ਉਹ ਰਾਮ ਮੰਦਰ ਮੁੱਦੇ 'ਤੇ ਅਪਣਾ ਪੱਖ ਸਪੱਸ਼ਟ ਕਰੇ ਅਤੇ ਸੰਸਦ ਵਿਚ ਇਸ ਬਾਰੇ ਚਰਚਾ ਕਰੇ। ਪਾਰਟੀ ਨੇ ਰਾਫ਼ੇਲ ਸੌਦੇ ਸਬੰਧੀ ਵੀ ਅਪਣੇ ਗਠਜੋੜ ਭਾਈਵਾਲ ਨੂੰ ਨਿਸ਼ਾਨਾ ਬਣਾਇਆ। ਸੋਲਾਪੁਰ ਦੀ ਤੀਰਥ ਨਗਰੀ 'ਚ ਭਾਜਪਾ ਨੂੰ ਨਿਸ਼ਾਨਾ ਬਣਾਉਦਿਆਂ ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਗਵਾਨ ਰਾਮ ਜਾਂ ਹੋਰ ਕਿਸੇ ਵੀ ਹਿੰਦੂ ਦੇਵੀ ਦੇਵਤੇ ਦੇ ਨਾਂ 'ਤੇ ਕੋਈ 'ਜੁਮਲਾ' ਨਹੀਂ ਚੱਲਣ ਦੇਵੇਗੀ। ਉਨ੍ਹਾਂ ਜ਼ੋਰ ਦਿਤਾ ਕਿ ਸੱਤਾ ਵਿਚ ਆਉਣ ਵਾਲੇ ਹੁਣ ਕੁੰਭਕਰਨੀ ਨੀਂਦ ਸੌਂ ਰਹੇ ਹਨ। ਠਾਕਰੇ ਪਿਛਲੇ ਮਹੀਨੇ ਹੀ ਅਯੋਧਿਆ ਗਏ ਸਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ 'ਤੇ ਸੰਸਦ ਵਿਚ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਮੈਂ ਭਾਜਪਾ ਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਉਹ 'ਅੱਛੇ ਦਿਨ' ਅਤੇ ਹਰ ਵਿਅਕਤੀ ਨੂੰ 15 ਲੱਖ ਰੁਪਏ ਦੇ ਜੁਮਲੇ 'ਤੇ ਭਾਜਪਾ ਨੂੰ ਮਾਫ਼ ਕਰ ਸਕਦੇ ਹਨ ਪਰ ਜੇ ਉਨ੍ਹਾਂ ਭਗਵਾਨ ਦੇ ਨਾਂ 'ਤੇ ਇਕ ਹੋਰ ਜੁਮਲਾ ਦਿਤਾ ਤਾਂ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।' ਠਾਕਰੇ ਨੇ ਕਿਹਾ ਕਿ ਉਹ ਭਗਵਾਨ ਰਾਮ ਅਤੇ ਹੋਰ ਕਿਸੇ ਵੀ ਹਿੰਦੂ ਦੇਵੀ-ਦੇਵਤੇ ਦੇ ਨਾਂ 'ਤੇ ਉਨ੍ਹਾਂ (ਭਾਜਪਾ) ਨੂੰ ਝੂਠਾ ਵਾਅਦਾ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ 'ਚ ਸ਼ਿਵਸੈਨਾ ਉਨਾਂ ਜੁਮਲਿਆਂ ਦਾ ਪਰਦਾਫ਼ਾਸ਼ ਕਰੇਗੀ। (ਪੀਟੀਆਈ)