
ਕਿਹਾ ਕਿ ਜਿਸ ਬਾਰੇ 'ਚ ਗੱਲ ਕੀਤੀ ਜਾ ਰਹੀ ਹੈ, ਭਾਜਪਾ ਦਾ 'ਸਿਆਸੀ ਕੋਰੋਨਾ' ਹੈ
ਸੰਭਲ - ਦੇਸ਼ ਵਿੱਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੀਆਂ ਤਿਆਰੀਆਂ ਦਰਮਿਆਨ ਸਮਾਜਵਾਦੀ ਪਾਰਟੀ (ਸਪਾ) ਦੇ ਸੰਭਲ ਤੋਂ ਸੰਸਦ ਮੈਂਬਰ, ਸ਼ਫੀਕ ਉਰ ਰਹਿਮਾਨ ਬਰਕ ਨੇ ਇਸ ਨੂੰ ਭਾਜਪਾ ਦਾ 'ਸਿਆਸੀ ਕੋਰੋਨਾ' ਕਰਾਰ ਦਿੱਤਾ ਹੈ।
ਬਰਕ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਭਾਜਪਾ ਦੇਸ਼ 'ਚ ਕੋਰੋਨਾ ਦੀ ਵਾਪਸੀ ਦਾ ਪ੍ਰਾਪੇਗੰਡਾ ਫ਼ੈਲਾ ਰਹੀ ਹੈ। ਅੱਜ ਜਿਸ ਬਾਰੇ 'ਚ ਗੱਲ ਕੀਤੀ ਜਾ ਰਹੀ ਹੈ, ਉਹ ਭਾਜਪਾ ਦਾ ਸਿਆਸੀ ਕੋਰੋਨਾ ਹੈ।''
ਉਨ੍ਹਾਂ ਕਿਹਾ, "ਇਹ ਭਾਜਪਾ ਦਾ ਸਿਆਸੀ ਕੋਰੋਨਾ ਹੈ। ਉਹ ਇਸ ਸਿਆਸੀ ਕੋਰੋਨਾ ਤੋਂ ਡਰ ਰਹੇ ਹਨ। ਰਾਹੁਲ ਗਾਂਧੀ ਦਿੱਲੀ ਆ ਰਹੇ ਹਨ, ਉਸ ਤੋਂ ਪਰੇਸ਼ਾਨੀ ਹੋ ਰਹੀ ਹੈ। ਪਤਾ ਨਹੀਂ ਕੀ ਹੈ, ਕੀ ਹਾਲਾਤ ਹਨ। ਬਹਿਰਹਾਲ, ਇਸ ਸਮੇਂ ਸਿਆਸੀ ਕੋਰੋਨਾ ਜ਼ਿਆਦਾ ਫ਼ੈਲਿਆ ਹੋਇਆ ਹੈ।"
ਸਪਾ ਸਾਂਸਦ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਚੀਨ 'ਚ ਕੋਵਿਡ-19 ਦੀ ਵੱਡੀ ਲਹਿਰ ਚੱਲ ਰਹੀ ਹੈ, ਅਤੇ ਇਸ ਦੇ ਮੱਦੇਨਜ਼ਰ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ 'ਚ ਕੋਰੋਨਾ ਪ੍ਰਬੰਧਨ ਲਈ ਵਿਆਪਕ ਤਿਆਰੀਆਂ 'ਚ ਲੱਗੀ ਹੋਈ ਹੈ।
ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਹਾਲ ਹੀ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਇੱਕ ਪੱਤਰ ਲਿਖ ਕੇ 'ਭਾਰਤ ਜੋੜੋ ਯਾਤਰਾ' ਨੂੰ ਫ਼ਿਲਹਾਲ ਰੋਕਣ ਦੀ ਅਪੀਲ ਕੀਤੀ ਹੈ। ਹਾਲਾਂਕਿ ਕਾਂਗਰਸ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਆਪਣੀ ਯਾਤਰਾ 'ਚ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰੇਗੀ, ਪਰ ਯਾਤਰਾ ਨੂੰ ਬਿਲਕੁਲ ਨਹੀਂ ਰੋਕਿਆ ਜਾਵੇਗਾ।
ਕਾਂਗਰਸ ਦੇ ਸੀਨੀਅਰ ਆਗੂ ਅਤੇ ਉੱਤਰ ਪ੍ਰਦੇਸ਼ ਵਿੱਚ ਯਾਤਰਾ ਦੇ ਸੰਯੋਜਕ ਸਲਮਾਨ ਖੁਰਸ਼ੀਦ ਨੇ ਪਿਛਲੇ ਹਫ਼ਤੇ ਲਖਨਊ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਇਸ ਕਾਰਨ ਉਹ ਕੋਰੋਨਾ ਦੇ ਨਾਂਅ 'ਤੇ ਉਸ ਨੂੰ ਰੋਕਣਾ ਚਾਹੁੰਦੀ ਹੈ।