ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਦੀ ਵਜ੍ਹਾ ਨਾਲ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਏਅਰ ਇੰਡੀਆ ਦੀਆਂ ਉਡਾਨਾਂ ਪ੍ਰਭਾਵਿਤ ਹੋਈਆ ਹਨ।
ਨਵੀਂ ਦਿੱਲੀ: ਏਅਰ ਇੰਡੀਆ ਦਾ ਸਰਵਰ ਡਾਊਨ ਹੋਣ ਦੀ ਵਜ੍ਹਾ ਨਾਲ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਏਅਰ ਇੰਡੀਆ ਦੀਆਂ ਉਡਾਨਾਂ ਪ੍ਰਭਾਵਿਤ ਹੋਈਆ ਹਨ। ਏਅਰ ਇੰਡੀਆ ਜਹਾਜ਼ ਦਾ ਸਰਵਰ ਡਾਊਨ ਹੋਣ ਦੇ ਕਾਰਨ ਸ਼ਨੀਵਾਰ ਨੂੰ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਘਰੇਲੂ ਉਡਾਨਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ।
ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ‘ਤੇ ਯਾਤਰੀ ਫਸੇ ਹੋਏ ਹਨ। ਸਰਵਰ ਡਾਊਨ ਹੋਣ ਨਾਲ ਨਾ ਤਾਂ ਚੈੱਕ ਇਨ ਹੋ ਰਿਹਾ ਹੈ ਅਤੇ ਨਾ ਹੀ ਬੋਰਡਿੰਗ ਪਾਸ ਨਿਕਲ ਰਿਹਾ ਹੈ। ਦਰਅਸਲ ਏਅਰਲਾਈਨ ਦਾ SITA ਸਰਵਰ ਭਾਰਤ ਸਮੇਤ ਵਿਦੇਸ਼ਾਂ ਵਿਚ ਸਵੇਰੇ 3:30 ਵਜੇ ਤੋਂ ਡਾਊਨ ਹੈ। ਏਅਰ ਇੰਡੀਆ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਏਅਰਲਾਈਨ ਦਾ ਯਾਤਰੀ ਸਿਸਟਮ ਡਾਊਨ ਹੈ। ਇਹ ਇਕ ਤਕਨੀਕੀ ਖਰਾਬੀ ਹੈ, ਜਿਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ।
ਇਸ ਦੇ ਨਾਲ ਹੀ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ SITA ਸਰਵਰ ਡਾਊਨ ਹੈ। ਜਿਸ ਕਾਰਨ ਕਈ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਉਹਨਾਂ ਕਿਹਾ ਕਿ ਤਕਨੀਕੀ ਟੀਮ ਕੰਮ ਕਰ ਰਹੀ ਹੈ ਅਤੇ ਜਲਦ ਹੀ ਸਿਸਟਮ ਨੂੰ ਠੀਕ ਕਰ ਲਿਆ ਜਾਵੇਗਾ। ਉਹਨਾਂ ਨੇ ਅਸੁਵਿਧਾ ਲਈ ਮੁਆਫ਼ੀ ਵੀ ਮੰਗੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ-ਪੰਜ ਘੰਟਿਆਂ ਤੋਂ ਦਿੱਲੀ ਏਅਰਪੋਰਟ ਅਤੇ ਮੁੰਬਈ ਏਅਰਪੋਰਟ ‘ਤੇ ਸਭ ਤੋਂ ਜ਼ਿਆਦਾ ਯਾਤਰੀ ਫਸੇ ਹੋਏ ਹਨ। ਹਾਲਾਂਕਿ ਸਰਵਰ ਠੀਕ ਹੋ ਗਿਆ ਹੈ ਅਤੇ ਚੈੱਕ ਇੰਨ ਵੀ ਸ਼ੁਰੂ ਹੋ ਗਿਆ ਹੈ ਪਰ ਸਰਵਰ ਡਾਊਨ ਹੋਣ ਦੇ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।