
ਪ੍ਰੋਫ਼ੈਸਰ ਨੂੰ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦੀ ਫਲਾਈਟ ਵਿਚੋਂ ਬਿਨਾਂ ਕਾਰਨ ਦੱਸੇ ਹੀ ਉਤਾਰ ਦਿਤਾ ਗਿਆ
ਨਵੀਂ ਦਿੱਲੀ: ਏਅਰ ਇੰਡੀਆ ਨੂੰ ਪੰਜਾਬੀ ਮੁਸਾਫ਼ਰ ਨੂੰ ਫਲਾਈਟ ਤੋਂ ਉਤਾਰਨਾ ਮਹਿੰਗਾ ਪਿਆ, ਜਿਸ ਦਾ ਖਾਮਿਆਜ਼ਾ ਏਅਰ ਇੰਡੀਆ ਨੂੰ ਇਕ ਲੱਖ ਰੁਪਏ ਦੇ ਕੇ ਭੁਗਤਣਾ ਪਿਆ। ਦੱਸ ਦਈਏ ਕਿ ਸਾਲ 2015 ਵਿਚ ਮੋਹਾਲੀ ਦੇ ਰਹਿਣ ਵਾਲੇ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਸਰਦੂਲ ਸਿੰਘ ਘੁੰਮਣ ਸਾਇੰਸ ਕਾਨਫਰੰਸ ਲਈ ਨੀਦਰਲੈਂਡ ਗਏ ਸੀ। ਉੱਥੋਂ ਵਾਪਸੀ ਸਮੇਂ ਉਹ ਨਵੀਂ ਦਿੱਲੀ ਏਅਰਪੋਰਟ ’ਤੇ ਉੱਤਰੇ, ਪਰ ਨਵੀਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦੀ ਫਲਾਈਟ ਵਿਚੋਂ ਉਨ੍ਹਾਂ ਨੂੰ ਬਿਨਾਂ ਕਾਰਨ ਦੱਸੇ ਹੀ ਉਤਾਰ ਦਿਤਾ ਗਿਆ।
Air India
ਇਸ ਸਬੰਧੀ ਪ੍ਰੋਫ਼ੈਸਰ ਘੁੰਮਣ ਨੇ ਕੰਜ਼ਿਊਮਰ ਕੋਰਟ ਵਿਚ ਸ਼ਿਕਾਇਤ ਦਰਜ ਕੀਤੀ। ਖ਼ਪਤਕਾਰ ਫੋਰਮ ਨੇ ਏਅਰ ਇੰਡੀਆ ਨੂੰ ਸ਼ਿਕਾਇਤਕਰਤਾ ਨੂੰ ਪੰਜ ਹਜ਼ਾਰ ਰੁਪਏ ਹਰਜ਼ਾਨਾ ਅਤੇ ਪੰਜ ਹਜ਼ਾਰ ਰੁਪਏ ਕੇਸ ਖ਼ਰਚ ਦੇਣ ਦੇ ਹੁਕਮ ਦਿਤੇ ਸੀ ਪਰ ਫੋਰਮ ਦੇ ਇਸ ਫ਼ੈਸਲੇ ਤੋਂ ਸ਼ਿਕਾਇਤਕਰਤਾ ਖ਼ੁਸ਼ ਨਹੀਂ ਸੀ ਅਤੇ ਉਸ ਨੇ ਸਟੇਟ ਕਮਿਸ਼ਨ ਵਿਚ ਮਾਮਲੇ ਦੀ ਅਪੀਲ ਕੀਤੀ।
ਹੁਣ ਸਟੇਟ ਕਮਿਸ਼ਨ ਨੇ ਏਅਰ ਇੰਡੀਆ ਨੂੰ ਇਕ ਲੱਖ ਰੁਪਏ 10 ਫ਼ੀ ਸਦੀ ਵਿਆਜ਼ ਨਾਲ ਹਰਜ਼ਾਨਾ ਅਤੇ ਪੰਜ ਹਜ਼ਾਰ ਰੁਪਏ ਕੇਸ ਖ਼ਰਚ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਨਵੀਂ ਦਿੱਲੀ ਤੋਂ ਚੰਡੀਗੜ੍ਹ ਲਈ ਟੈਕਸੀ ਕਿਰਾਇਆ 5500 ਰੁਪਏ ਵੀ ਦੇਣ ਦਾ ਹੁਕਮ ਦਿਤਾ ਹੈ।