
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ।
ਨਵੀਂ ਦਿੱਲੀ, 26 ਮਈ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਸਮੇਤ ਹੋਰਨਾ ਮੈਂਬਰਾਂ ਵੱਲੋਂ ਸਰਬਸਮਤੀ ਨਾਲ ਮਤਾ ਪਾਸ ਕਰਦਿਆਂ ਹੋਇਆਂ ਇਹ ਫ਼ੈਸਲਾ ਲਿਆ ਗਿਆ ਕਿ ਬੀਤੇ ਦਿਨੀਂ ਲਾਕਡਾਊਨ ਦੇ ਚਲਦਿਆਂ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਜਿਨ੍ਹਾਂ ਸਟਾਫ਼ ਮੈਂਬਰਾਂ ਦੀ ਲਾਕਡਾਊਨ ਦੌਰਾਨ ਮੌਤ ਹੋਈ ਹੈ ਉਨ੍ਹਾਂ ਦੇ ਇਕ ਪਰਵਾਰਕ ਮੈਂਬਰ ਨੂੰ ਨੌਕਰੀ ਦਿਤੀ ਜਾਵੇਗੀ।
File photo
ਸ. ਸਿਰਸਾ ਨੇ ਦਸਿਆ ਕਿ ਬੀਤੇ ਦਿਨੀਂ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਜੀ-8 ਏਰੀਆ ਰਾਜੌਰੀ ਗਾਰਡਨ ਵਿਖੇ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਲੱਕੀ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲੌਨੀ ਦੇ ਸਟਾਫ਼ ਮੈਂਬਰ ਹਰੀਸ਼ ਕੁਮਾਰ ਅਤੇ ਕਰੋਲ ਬਾਗ ਸਕੂਲ ਦੇ ਤਰਨਜੀਤ ਸਿੰਘ ਦੀ ਮੌਤ ਲਾਕਡਾਊਨ ਦੌਰਾਨ ਹੋਈ ਇਸ ਲਈ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਤਿੰਨਾਂ ਦੇ ਪਰਵਾਰ 'ਚੋਂ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇਗੀ।
ਜਾਣਕਾਰੀ ਮੁਤਾਬਕ ਅੱਜ ਦੀ ਮੀਟਿੰਗ ਵਿਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਦਿੱਲੀ ਕਮੇਟੀ ਵਲੋਂ ਲੰਗਰ ਸੇਵਾ ਭਵਿੱਖ ਵਿਚ ਚਲਦੀ ਰਹੇਗੀ ਕਿਉਂਕਿ ਹਾਲੇ ਵੀ ਵੱਡੀ ਗਿਣਤੀ ਵਿਚ ਮਜਦੂਰ ਆਪਣੇ ਘਰਾਂ ਵੱਲ ਨੂੰ ਕੂਚ ਰਹੇ ਹਨ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਵੀ ਕਮੇਟੀ ਨੇ ਇਸ ਸੇਵਾ ਨੂੰ ਚਲਾਇਆ ਹੋਇਆ ਹੈ। ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਕਮੇਟੀ ਦੇ ਸਾਬਕਾ ਮੈਂਬਰ ਦਵਿੰਦਰ ਸਿੰਘ ਕਵਾਤਰਾ ਦੇ ਅਕਾਲ ਚਲਾਣੇ 'ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।