ਕਿਹਾ, ਦੇਸ਼ ਦਾ ਮਾਣ ਵਧਾਉਣ ਵਾਲੀਆਂ ਧੀਆਂ ਨੂੰ ਇਨਸਾਫ਼ ਦਿਉ
ਨਵੀਂ ਦਿੱਲੀ: ਜੰਤਰ-ਮੰਤਰ 'ਤੇ ਬੈਠੇ ਪਹਿਲਵਾਨਾਂ ਦੇ ਸਮਰਥਨ 'ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਅੱਗੇ ਆਏ ਹਨ। ਉਨ੍ਹਾਂ ਨੇ ਜੇਲ ’ਚੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਇਹ ਪੱਤਰ ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਨੇ ਜਾਰੀ ਕੀਤਾ ਹੈ। ਚਿੱਠੀ ਨੂੰ ਸਾਂਝਾ ਕਰਦੇ ਹੋਏ ਆਤਿਸ਼ੀ ਨੇ ਲਿਖਿਆ, ਮਨੀਸ਼ ਸਿਸੋਦੀਆ ਜੀ ਜੇਲ ਤੋਂ ਲਿਖਦੇ ਹਨ, ਪ੍ਰਧਾਨ ਮੰਤਰੀ ਜੀ - ਤੁਸੀਂ ਅਪਣੇ ਵਿਰੋਧੀਆਂ ਨੂੰ ਜੇਲ ਭੇਜੋ, ਉਨ੍ਹਾਂ ਨੂੰ ਫਾਂਸੀ ਦਿਉ। ਪਰ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀਆਂ ਧੀਆਂ ਨੂੰ ਇਨਸਾਫ਼ ਦਿਉ, ਨਹੀਂ ਤਾਂ ਇਸ ਦੇਸ਼ ਦੀ ਕੋਈ ਵੀ ਧੀ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕਰੇਗੀ।
ਇਹ ਵੀ ਪੜ੍ਹੋ: ਨੇਪਾਲ ਨੇ ਸ਼ੁਰੂ ਕੀਤਾ ਭਾਰਤ ਨੂੰ ਬਿਜਲੀ ਦਾ ਨਿਰਯਾਤ
ਸਿਸੋਦੀਆ ਨੇ ਚਿੱਠੀ 'ਚ ਲਿਖਿਆ, ‘ਅਖ਼ਬਾਰਾਂ ਤੋਂ ਪਤਾ ਲਗਿਆ ਕਿ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਜਿਨਸੀ ਸ਼ੋਸ਼ਣ ਵਿਰੁਧ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੀਆਂ ਹਨ। ਇਹ ਇਲਜ਼ਾਮ ਭਾਜਪਾ ਦੇ ਇਕ ਬਾਹੂਬਲੀ ਸਾਂਸਦ 'ਤੇ ਲੱਗਾ ਹੈ। ਭਾਜਪਾ, ਕੇਂਦਰ, ਇਥੋਂ ਤਕ ਕਿ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ਤੋਂ ਇਸ ਤਰ੍ਹਾਂ ਅੱਖਾਂ ਫੇਰ ਲਈਆਂ ਹਨ ਜਿਵੇਂ ਇਹ ਪਾਕਿਸਤਾਨ ਤੋਂ ਆਈਆਂ ਹੋਣ। ਸੁਪ੍ਰੀਮ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਫਿਰ ਜਾ ਕੇ ਐਫ.ਆਈ.ਆਰ. ਦਰਜ ਹੋਈ ਹੈ।‘
जेल से मनीष सिसोदिया जी लिखते हैं:
प्रधानमंत्री जी- आप अपने विरोधियों को जेल भेजिए, फाँसी पर लटका दीजिए। लेकिन भारत का गौरव बढ़ाने वाली बेटियों को न्याय दीजिए, वरना इस देश की कोई भी बेटी अपनी आवाज़ उठाने की हिम्मत नहीं करेगी pic.twitter.com/k7WLVmo6kV
ਉਨ੍ਹਾਂ ਅੱਗੇ ਲਿਖਿਆ, ‘ਤੁਹਾਨੂੰ ਉਹ ਪਲ ਯਾਦ ਹੋਵੇਗਾ ਜਦ ਇਹ ਪਹਿਲਵਾਨ ਤਮਗ਼ਾ ਜਿੱਤ ਕੇ ਭਾਰਤ ਆਏ ਸਨ ਤਾਂ ਪ੍ਰਧਾਨ ਮੰਤਰੀ ਇਨ੍ਹਾਂ ਮਹਿਲਾ ਖਿਡਾਰੀਆਂ ਨਾਲ ਤਸਵੀਰਾਂ ਅਤੇ ਵੀਡੀਉ ਬਣਵਾਉਂਦੇ ਨਹੀਂ ਥਕਦੇ ਸਨ। ਇਥੋਂ ਤਕ ਕਿ ਜਦ ਇਨ੍ਹਾਂ ਖਿਡਾਰੀਆਂ ਨੂੰ ਮੈਡਲ ਜਿੱਤਣ ’ਤੇ ਇਨ੍ਹਾਂ ਖਿਡਾਰੀਆਂ ਨੂੰ ਫ਼ੋਨ ਕੀਤਾ ਜਾਂਦਾ ਸੀ ਤਾਂ ਉਸ ਦਾ ਵੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾਂਦਾ ਸੀ। ਵੀਡੀਉ 'ਚ ਪ੍ਰਧਾਨ ਮੰਤਰੀ ਹੱਸਦੇ ਹੋਏ ਇਨ੍ਹਾਂ ਧੀਆਂ ਨੂੰ ਅਪਣੇ ਪ੍ਰਵਾਰ ਦੇ ਮੈਂਬਰ ਕਹਿ ਕੇ ਬੁਲਾਉਂਦੇ ਸਨ। ਇੰਨੇ ਦਿਨਾਂ ਤੋਂ ਇਹ ਹੋਣਹਾਰ ਲੜਕੀਆਂ ਅਪਣੀ ਪ੍ਰੈਕਟਿਸ ਅਤੇ ਘਰ ਛੱਡ ਕੇ ਧੁੱਪ ਅਤੇ ਬਰਸਾਤ ਵਿਚ ਅੰਦੋਲਨ ਕਰ ਰਹੀਆਂ ਹਨ, ਉਨ੍ਹਾਂ ਨੇ ਅੱਜ ਤਕ ਕੋਈ ਨੋਟਿਸ ਨਹੀਂ ਲਿਆ। ਹਰ ਗੱਲ 'ਤੇ ਅਪਣੇ ਮਨ ਦੀ ਗੱਲ ਦਸਣ ਵਾਲੇ ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਲੋਕਾਂ ਦੇ ਜਿਨਸੀ ਸ਼ੋਸ਼ਣ 'ਤੇ ਚੁੱਪ ਕਿਉਂ ਹਨ, ਜਿਨ੍ਹਾਂ ਨੂੰ ਉਹ ਅਪਣੇ ਪ੍ਰਵਾਰ ਦੇ ਮੈਂਬਰ ਕਹਿੰਦੇ ਸਨ? ਕੀ ਇਹ ਸਿਰਫ਼ ਇਸ ਲਈ ਹੈ ਕਿ ਦੋਸ਼ੀ ਉਨ੍ਹਾਂ ਦੀ ਪਾਰਟੀ ਦਾ ਮਜ਼ਬੂਤ ਸੰਸਦ ਮੈਂਬਰ ਹੈ’।
ਇਹ ਵੀ ਪੜ੍ਹੋ: ਜੂਨ ਤੋਂ ਚੰਡੀਗੜ੍ਹ 'ਚ ਨਹੀਂ ਵਿਕਣਗੇ ਪੈਟਰੋਲ ਵਾਲੇ ਵਾਹਨ, ਰਜਿਸਟ੍ਰੇਸ਼ਨ ਹੋਵੇਗੀ ਬੰਦ
ਮਨੀਸ਼ ਸਿਸੋਦੀਆ ਨੇ ਕਿਹਾ, ‘ਪ੍ਰਧਾਨ ਮੰਤਰੀ ਜੀ! ਤੁਸੀਂ ਕਿਹਾ ਸੀ ਕਿ ਧੀਆਂ ਦੇਸ਼ ਦੀ ਸ਼ਾਨ ਹਨ। ਫਿਰ ਇਨ੍ਹਾਂ ਧੀਆਂ ਨੇ ਸੱਚਮੁੱਚ ਦੇਸ਼ ਦਾ ਮਾਣ ਵਧਾਇਆ ਹੈ। ਇਨ੍ਹਾਂ ਹੋਣਹਾਰ ਧੀਆਂ ਦੀ ਬਦੌਲਤ ਹੀ ਸਾਡਾ ਤਿਰੰਗਾ ਵਿਦੇਸ਼ੀ ਧਰਤੀ 'ਤੇ ਸਿਖਰ 'ਤੇ ਲਹਿਰਾਇਆ ਗਿਆ ਹੈ। ਉਨ੍ਹਾਂ ਦੀ ਬਦੌਲਤ ਹੀ ਸਾਡਾ ਰਾਸ਼ਟਰੀ ਗੀਤ ਵਿਦੇਸ਼ਾਂ ਵਿਚ ਗੂੰਜਿਆ ਹੈ। ਤਮਗ਼ਾ ਜਿੱਤਣ ਵਾਲੀ ਧੀ ਇਨਸਾਫ਼ ਲਈ ਹੰਝੂ ਵਹਾ ਰਹੀ ਹੈ, ਭਾਰਤੀ ਹੋਣ ਦੇ ਨਾਤੇ ਇਹ ਦੇਖ ਕੇ ਮੇਰਾ ਖ਼ੂਨ ਖ਼ੌਲ ਉਠਦਾ ਹੈ’।
ਇਹ ਵੀ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਏ ਨੂੰ 2-1 ਨਾਲ ਹਰਾਇਆ
ਉਨ੍ਹਾਂ ਲਿਖਿਆ, ‘ਅਸੀਂ ਤੁਹਾਡੇ ਸਿਆਸੀ ਵਿਰੋਧੀ ਹਾਂ, ਤੁਸੀਂ ਸਾਡੇ ਕੰਮ ਨੂੰ ਰੋਕਣ ਲਈ ਅੱਠ ਸਾਲ ਸੰਵਿਧਾਨ ਦਾ ਗਲਾ ਘੁੱਟ ਦਿਤਾ। ਅਪਣੀਆਂ ਸਾਰੀਆਂ ਏਜੰਸੀਆਂ ਦੀ ਵਰਤੋਂ ਕਰਕੇ, ਝੂਠੇ ਦੋਸ਼ ਲਾ ਕੇ ਸਾਨੂੰ ਜੇਲ ਭੇਜ ਦਿਤਾ ਗਿਆ। ਤੁਸੀਂ ਅਪਣੇ ਸਿਆਸੀ ਵਿਰੋਧੀਆਂ ਨੂੰ ਜੇਲ ਭੇਜੋ, ਉਨ੍ਹਾਂ ਨੂੰ ਫਾਂਸੀ ਦਿਉ, ਇਹ ਤੁਹਾਡੀ ਰਾਜਨੀਤੀ ਦਾ ਤਰੀਕਾ ਅਤੇ ਪਧਰ ਹੋ ਸਕਦਾ ਹੈ। ਪਰ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀਆਂ ਇਨ੍ਹਾਂ ਧੀਆਂ ਨੂੰ ਇਨਸਾਫ਼ ਦਿਉ, ਨਹੀਂ ਤਾਂ ਕੋਈ ਵੀ ਹੋਣਹਾਰ ਧੀ ਦੇਸ਼ ਦੇ ਕਿਸੇ ਵੀ ਤਾਕਤਵਰ ਵਿਅਕਤੀ ਵਿਰੁਧ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕਰੇਗੀ’।