
ਰਾਜਸਥਾਨ ਮਾਮਲੇ ਵਿਚ ਦੂਸ਼ਣਬਾਜ਼ੀ ਤੇਜ਼
ਨਵੀਂ ਦਿੱਲੀ, 26 ਜੁਲਾਈ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਜਮਹੂਰੀਅਤ ਸੰਵਿਧਾਨ ਦੇ ਆਧਾਰ 'ਤੇ ਲੋਕਾਂ ਦੀ ਆਵਾਜ਼ ਨਾਲ ਚੱਲੇਗੀ ਅਤੇ ਦੇਸ਼ ਦੇ ਲੋਕ ਭਾਜਪਾ ਦੀ 'ਧੋਖੇ ਦੀ ਸਾਜ਼ਸ਼' ਨੂੰ ਨਕਾਰ ਦੇਣਗੇ। ਵੁਹ ਕਾਂਗਰਸ ਦੀ 'ਸਪੀਕ ਅੱਪ ਫ਼ਾਰ ਡੈਮੋਕਰੇਸੀ' ਆਨਲਾਈਨ ਮੁਹਿੰਮ ਵਿਚ ਹਿੱਸਾ ਲੈ ਰਹੇ ਸਨ। ਇਸ ਮੁਹਿੰਮ ਵਿਚ ਭਾਰੀ ਗਿਣਤੀ ਵਿਚ ਪਾਰਟੀ ਦੇ ਆਗੂਆਂ ਨੇ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਪਾਰਟੀ ਵਿਰੁਧ ਬਗ਼ਾਵਤ ਕਰਨ ਮਗਰੋਂ ਰਾਜ ਵਿਚ ਕਾਂਗਰਸ ਸਰਕਾਰ ਸੰਕਟ ਵਿਚ ਹੈ। ਪਾਇਲਟ ਦਾ 18 ਹੋਰ ਵਿਧਾਇਕ ਵੀ ਸਮਰਥਨ ਕਰ ਰਹੇ ਹਨ। ਕਾਂਗਰਸ ਨੇ ਇਸ ਬਗ਼ਾਵਤ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਕਾਂਗਰਸ ਨੇ ਰਾਜਸਥਾਨ ਦੇ ਰਾਜਪਾਲ 'ਤੇ ਕੇਂਦਰ ਦੇ ਇਸ਼ਾਰੇ 'ਤੇ ਕੰਮ ਕਰਨ ਦਾ ਦੋਸ਼ ਲਾਇਆ।
Rahul Gandhi
ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਕੇਂਦਰ ਸਰਕਾਰ ਜਮਹੂਰੀਅਤ ਦੇ ਰਾਹ ਵਿਚ ਅੜਿੱਕਾ ਪਾਉਣ ਦਾ ਸੱਭ ਤੋਂ ਘਟੀਆ ਤਰੀਕਾ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਇਜਲਾਸ ਬੁਲਾਉਣਾ ਚਾਹੁੰਦੀ ਹੈ ਪਰ ਰਾਜਪਾਲ ਕਥਿਤ ਤੌਰ 'ਤੇ ਕੇਂਦਰ ਦੇ ਇਸ਼ਾਰੇ 'ਤੇ ਸਦਨ ਦਾ ਇਜਲਾਸ ਬੁਲਾਉਣ ਅਤੇ ਭਰੋਸੇ ਦੀ ਵੋਟਿੰਗ ਵਿਚ ਦੇਰ ਕਰ ਰਹੇ ਹਨ। ਉਨ੍ਹਾਂ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀਆਂ ਕਈ ਮਿਸਾਲਾਂ ਦਿੰਦਿਆਂ ਕਿਹਾ ਕਿ ਰਾਜਪਾਲ ਅਪਣੀ ਮਰਜ਼ੀ ਨਾਲ ਕੰਮ ਨਹੀਂ ਕਰ ਸਕਦੇ ਅਤੇ ਸਿਰਫ਼ ਮੰਤਰੀ ਮੰਡਲ ਦੀ ਸਲਾਹ ਨਾਲ ਅਜਿਹਾ ਕਰ ਸਕਦੇ ਹਨ। ਸਿੰਘਵੀ ਨੇ ਕਿਹਾ, 'ਅਸੀਂ ਸੱਭ ਜਾਣਦੇ ਹਾਂ ਕਿ ਮਾਸਟਰ ਕੌਣ ਹੈ ਪਰ ਇਹ ਰਾਜਪਾਲ ਦੀ ਸੰਵਿਧਾਨਕ ਸਥਿਤੀ ਦੀ ਮਰਿਯਾਦਾ ਨੂੰ ਘਟਾਉਂਦਾ ਹੈ। (ਏਜੰਸੀ)
ਸੰਵਿਧਾਨ, ਜਮਹੂਰੀਅਤ ਦੀ ਹਤਿਆ ਦਾ ਨਾਮ ਹੀ ਕਾਂਗਰਸ : ਭਾਜਪਾ
ਭਾਜਪਾ ਨੇ ਰਾਹੁਲ ਗਾਂਧੀ ਦੇ ਬਿਆਨ 'ਤੇ ਉਨ੍ਹਾਂ ਉਪਰ ਪਲਟਵਾਰ ਕਰਦਿਆਂ ਕਿਹਾ ਕਿ ਸੰਵਿਧਾਨ ਅਤੇ ਜਮਹੂਰੀਅਤ ਦੀ ਹਤਿਆ ਦਾ ਨਾਮ ਹੀ ਕਾਂਗਰਸ ਪਾਰਟੀ ਹੈ ਜਦਕਿ ਇਸ ਨੂੰ ਬਚਾਉਣ ਦਾ ਕੰਮ ਭਗਵਾਂ ਪਾਰਟੀ ਨੇ ਕੀਤਾ ਹੈ। ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਨੇ ਬਿਆਨ ਜਾਰੀ ਕਰ ਕੇ ਰਾਹੁਲ ਗਾਂਧੀ ਨੂੰ ਐਮਰਜੈਂਸੀ ਦੀ ਯਾਦ ਦਿਵਾਉਂਦਿਆਂ ਕਿਹਾ, 'ਕਾਂਗਰਸ ਨੇ ਐਮਰਜੈਂਸੀ ਲਾ ਕੇ ਦੇਸ਼ ਦੇ ਮਹਾਨ ਲੋਕਤੰਤਰ ਅਤੇ ਸੰਵਿਧਾਨ ਦੀ ਹਤਿਆ ਕੀਤੀ ਸੀ।
File Photo
ਏਨਾ ਹੀ ਨਹੀਂ, ਕਾਂਗਰਸ ਦੇ ਰਾਜ ਵਿਚ ਚੁਣੀਆਂ ਹੋਈਆਂ ਸਰਕਾਰਾਂ ਬਹੁਮਤ ਦੇ ਬਾਵਜੂਦ ਬਰਖ਼ਾਸਤ ਕੀਤੀਆਂ ਗਈਆਂ।' ਭਾਜਪਾ ਬੁਲਾਰੇ ਨੇ ਕਿਹਾ, 'ਰਾਹੁਲ ਅਤੇ ਕਾਂਗਰਸ ਪਾਰਟੀ ਸਾਡੇ ਵਲ ਉਂਗਲ ਚੁੱਕਣ ਤੋਂ ਪਹਿਲਾਂ ਇਹ ਵੇਖਣ ਕਿ ਚਾਰ ਉਂਗਲੀਆਂ ਉਨ੍ਹਾਂ ਵਲ ਹੁੰਦੀਆਂ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਮਹੂਰੀਅਤ ਦੀ ਹਤਿਆ ਅਤੇ ਸੰਵਿਧਾਨ ਦੀ ਹਤਿਆ ਕਾਂਗਰਸ ਪਾਰਟੀ ਕਰਦੀ ਰਹੀ ਹੈ। (ਏਜੰਸੀ)