
ਕਾਂਗਰਸ 'ਤੇ ਕੀਤੇ ਤਿੱਖੇ ਹਮਲੇ
ਸ਼ਿਮਲਾ : ਹਿਮਾਚਲ ਪ੍ਰਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਕਰਵਾਏ ਸਮਾਗਮ 'ਚ ਸ਼ਿਰਕਤ ਕਰਨ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਾਂਗਰਸੀ ਆਗੂ ਰਾਹੁਲ ਗਾਂਧੀ 'ਤੇ ਖ਼ੂਬ ਵਰ੍ਹੇ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਰਾਹੁਲ ਗਾਂਧੀ ਨੂੰ ਇਸ ਮੁੱਦੇ 'ਤੇ ਖੁਲ੍ਹੀ ਬਹਿਸ਼ ਦੀ ਚੁਨੌਤੀ ਵੀ ਦਿਤੀ।
Photo
ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਨਹਿਰੂ-ਲਿਆਕਤ ਸਮਝੌਤੇ ਦਾ ਪਾਲਣ ਨਾ ਕਰਦਿਆਂ ਉਥੇ ਘੱਟ ਗਿਣਤੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ। ਪਾਕਿਸਤਾਨ ਤੋਂ ਲੱਖਾਂ ਲੋਕ ਇਧਰ ਆਏ, ਪਰ ਕਿਸੇ ਨੂੰ ਨਾਗਰਿਕਤਾ ਨਹੀਂ ਮਿਲੀ। ਕਾਂਗਰਸ ਦੀ ਲੰਮਾ ਸਰਕਾਰ ਰਹੀ ਪਰ ਉਸ ਨੇ ਮਸਲੇ ਦਾ ਹੱਲ ਕਰਨ ਦੀ ਬਜਾਏ ਇਸ ਨੂੰ ਲਮਕਾਈ ਰੱਖਿਆ। ਹੁਣ ਸਾਡੀ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਆਈ ਹੈ ਤਾਂ ਇਨ੍ਹਾਂ ਵੱਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ।
Photo
ਅਮਿਤ ਸ਼ਾਹ ਨੇ ਕਿਹਾ ਕਿ ਮੈਂ ਰਾਹੁਲ ਬਾਬਾ ਨੂੰ ਚੁਨੌਤੀ ਦਿੰਦਾ ਹਾਂ ਕਿ ਜੇਕਰ ਕਿਸੇ ਦੀ ਨਾਗਰਿਕਤਾ ਲੈਣ ਦਾ ਪਰਾਵਧਾਨ ਹੈ ਤਾਂ ਤੁਸੀਂ ਦੱਸੋ। ਇਸ ਕਾਨੂੰਨ ਰਾਹੀਂ ਕਿਸੇ ਦੀ ਵੀ ਨਾਗਰਿਕਤਾ ਖੋਹੀ ਨਹੀਂ ਜਾਵੇਗੀ।''
Photo
ਜ਼ਿਕਰਯੋਗ ਹੈ ਕਿ ਕਾਂਗਰਸ ਇਸ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਵਿਰੁਧ ਲਗਾਤਾਰ ਪ੍ਰਚਾਰ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਇਸ ਕਾਨੂੰਨ ਰਾਹੀਂ ਦੇਸ਼ ਨੂੰ ਧਰਮ ਦੇ ਅਧਾਰ 'ਤੇ ਵੰਡਣਾ ਚਾਹੁੰਦੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਇਸ ਕਾਨੂੰਨ ਦੀ ਆੜ 'ਚ ਮੁਸਲਮਾਨਾਂ ਨਾਲ ਵਿਤਕਰਾ ਕੀਤਾ ਜਾਵੇਗਾ।
Photo
ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਇਹ ਕਾਨੂੰਨ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਿਚ ਵਿਤਕਰੇ ਦਾ ਸ਼ਿਕਾਰ ਹੋਈਆਂ ਘੱਟ ਗਿਣਤੀਆਂ ਲਈ ਬਣਾਇਆ ਹੈ। ਇਹ ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਕਿਸੇ ਤੋਂ ਨਾਗਰਿਕਤਾ ਖੋਹਣ ਦਾ ਨਹੀਂ।