
ਦੇਸ਼ ਵਿਚ ਗ੍ਰਹਿ ਯੁੱਧ ਜਿਹੇ ਹਾਲਾਤ ਬਣ ਰਹੇ ਹਨ
ਭੋਪਾਲ : ਮੱਧ ਪ੍ਰਦੇਸ਼ ਦੇ ਮਹਿਰ ਵਿਧਾਨ ਸਭਾ ਹਲਕੇ ਦੇ ਭਾਜਪਾ ਵਿਧਾਇਕ ਨਾਰਾਇਣ ਤ੍ਰਿਪਾਠੀ ਨੇ ਨਵੇਂ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਦਿਆਂ ਕਿਹਾ ਕਿ ਸੀਏਏ ਨਾਲ ਦੇਸ਼ ਵਿਚ ਗ੍ਰਹਿ ਯੁੱਧ ਜਿਹੇ ਹਾਲਾਤ ਬਣ ਰਹੇ ਹਨ ਜੋ ਦੇਸ਼ ਲਈ ਮਾਰੂ ਹੈ। ਉਨ੍ਹਾਂ ਅਪਣੀ ਹੀ ਪਾਰਟੀ ਵਿਰੁਧ ਸੀਏਏ ਲਾਗੂ ਕਰ ਕੇ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣ ਦਾ ਦੋਸ਼ ਲਾਇਆ। ਉਨ੍ਹਾਂ ਵਿਅੰਗ ਕਸਿਆ ਕਿ ਭਾਜਪਾ ਨੂੰ ਭੀਮ ਰਾਉ ਅੰਬੇਦਕਰ ਦੁਆਰਾ ਲਿਖਿਆ ਸੰਵਿਧਾਨ ਪਾੜ ਦੇਣਾ ਚਾਹੀਦਾ ਹੈ ਅਤੇ ਵਖਰਾ ਸੰਵਿਧਾਨ ਬਣਾ ਕੇ ਉਸ ਅਧੀਨ ਦੇਸ਼ ਚਲਾਉਣਾ ਚਾਹੀਦਾ ਹੈ।
Photo
ਤ੍ਰਿਪਾਠੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਜਦ ਮੈਂ ਮਹਿਸੂਸ ਕੀਤਾ ਤਾਂ ਮੈਂ ਸੀਏਏ ਦਾ ਵਿਰੋਧ ਕੀਤਾ। ਇਹ ਮੇਰੇ ਵਿਧਾਨ ਸਭਾ ਹਲਕੇ ਦੀ ਹੀ ਨਹੀਂ, ਹਰ ਥਾਂ ਦੀ ਹਾਲਤ ਹੈ। ਅੱਜ ਸਾਡੇ ਹਿੰਦੁਸਤਾਨ ਦੇ ਹਰ ਗਲੀ ਮੁਹੱਲੇ ਵਿਚ ਗ੍ਰਹਿ ਯੁੱਧ ਜਿਹੇ ਹਾਲਾਤ ਹਨ। ਇਹ ਦੇਸ਼ ਲਈ ਮਾਰੂ ਹੈ।'
Photo
ਜਦ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਉਹ ਭਾਜਪਾ ਛੱਡ ਕੇ ਕਾਂਗਰਸ ਵਿਚ ਜਾਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਕਿਹਾ, 'ਮੇਰਾ ਕਾਂਗਰਸ ਵਿਚ ਜਾਣ ਦਾ ਕੋਈ ਇਰਾਦਾ ਨਹੀਂ। ਨਾ ਭਾਜਪਾ ਤੋਂ ਵੱਖ ਹੋਣ ਦਾ ਮਾਮਲਾ ਹੈ ਇਹ। ਇਹ ਮੇਰਾ ਨਿਜੀ ਵਿਚਾਰ ਹੈ। ਜੋ ਮੈਂ ਅਨੁਭਵ ਕੀਤਾ, ਉਸੇ ਦੇ ਆਧਾਰ 'ਤੇ ਗੱਲ ਕਰ ਰਿਹਾ ਹਾਂ।' ਉਨ੍ਹਾਂ ਕਿਹਾ, 'ਸੀਏਏ ਨਾਲ ਸਿਰਫ਼ ਭਾਜਪਾ ਨੂੰ ਵੋਟ ਦਾ ਫ਼ਾਇਦਾ ਹੋ ਰਿਹਾ ਹੈ। ਦੇਸ਼ ਨੂੰ ਹੋਰ ਕੋਈ ਫ਼ਾਇਦਾ ਨਹੀਂੇ।'
Photo
ਉਨ੍ਹਾਂ ਮਿਸਾਲ ਦੇ ਕੇ ਗੱਲ ਸਮਝਾਈ ਕਿ ਮਹਿਰ ਦੇ ਖਰੋਂਧੀ ਪਿੰਡ ਦੇ ਸ਼ੁਕਲਾ ਪਰਵਾਰ ਦਾ ਕਹਿਣਾ ਹੈ ਕਿ ਸੀਏਏ ਆਉਣ ਮਗਰੋਂ ਹਾਲਾਤ ਏਨੇ ਵਿਗੜ ਗਏ ਹਨ ਕਿ ਗੁਆਂਢੀ ਭਠੀਆ ਪਿੰਡ ਦੇ ਜਿਹੜੇ ਮੁਸਲਮਾਨ ਪਹਿਲਾਂ ਉਸ ਨੂੰ ਪਿੰਡ ਜਾਣ 'ਤੇ ਖੜੇ ਹੋ ਕੇ 'ਪੰਡਤ ਜੀ ਪੈਰੀਂ ਪੈਂਦੇ ਹਾਂ' ਕਹਿੰਦੇ ਸਨ, ਉਹ ਹੁਣ ਮਹੀਨਾ ਦੋ ਮਹੀਨੇ ਤੋਂ ਸਾਡੇ ਵਲ ਵੇਖਦੇ ਹੀ ਨਹੀਂ।'
Photo
ਤ੍ਰਿਪਾਠੀ ਨੇ ਕਿਹਾ, 'ਸੀਏਏ ਤਾਂ ਭਾਜਪਾ ਲੈ ਆਈ। ਜਾਂ ਤਾਂ ਅੰਬੇਦਕਰ ਦੇ ਸੰਵਿਧਾਨ ਨੂੰ ਪਾੜ ਕੇ ਸੁਟਵਾ ਦਿਉ ਜਾਂ ਫਿਰ ਭਾਜਪਾ ਦਾ ਵਖਰਾ ਹੀ ਸੰਵਿਧਾਨ ਬਣ ਜਾਵੇ ਅਤੇ ਉਸ ਸੰਵਿਧਾਨ ਮੁਤਾਬਕ ਦੇਸ਼ ਚੱਲੇ। ਜੇ ਅੰਬੇਦਕਰ ਨੂੰ ਮੰਨਦੇ ਹੋ ਤਾਂ ਅੰਬੇਦਕਰ ਨੇ ਕਿਹਾ ਸੀ ਕਿ ਇਥੇ ਸਾਰੇ ਧਰਮਾਂ ਦੇ ਲੋਕ ਰਹਿਣਗੇ ਅਤੇ ਹਿੰਦੁਸਤਾਨ ਚੱਲੇਗਾ। ਸੰਵਿਧਾਨ ਵਿਚ ਧਰਮ ਦੇ ਨਾਮ 'ਤੇ ਅਤੇ ਨਾਗਰਿਕਤਾ ਦੇ ਨਾਮ 'ਤੇ ਦੇਸ਼ ਦੀ ਵੰਡ ਨਹੀਂ ਹੋ ਸਕਦੀ।
Photo
ਏਕਤਾ ਦੀ ਗੱਲ ਕਰਦੇ ਹੋ ਤੇ ਅੱਗ ਵੀ ਲਾਉਂਦੇ ਹੋ : ਤ੍ਰਿਪਾਠੀ ਨੇ ਕਿਹਾ, 'ਤੁਸੀਂ ਏਕਤਾ ਅਤੇ ਅਖੰਡਤਾ ਦੀ ਗੱਲ ਕਰਦੇ ਹੋ ਅਤੇ ਅੱਗ ਲਾਉਣ ਦਾ ਕੰਮ ਵੀ ਕਰਦੇ ਹੋ।' ਕੌਮੀ ਨਾਗਰਿਕ ਪੰਜੀਕਰਨ ਬਾਰੇ ਤ੍ਰਿਪਾਠੀ ਨੇ ਕਿਹਾ ਕਿ ਜਦ ਪਿੰਡ ਦਾ ਆਦਮੀ ਰਾਸ਼ਨ ਕਾਰਡ ਬਣਾਉਣ ਦੇ ਵੀ ਸਮਰੱਥ ਨਹੀਂ ਤਾਂ ਉਹ ਅਪਣੀ ਨਾਗਰਿਕਤਾ ਕਿਵੇਂ ਸਿੱਧ ਕਰੇਗਾ।' ਉਨ੍ਹਾਂ ਕਿਹਾ ਕਿ ਇਸ ਦੇਸ਼ ਵਿਚ ਦੋਗਲੀ ਨੀਤੀ ਨਹੀਂ ਚੱਲ ਸਕਦੀ।