
ਮਮਤਾ ਨੇ ਕੇਂਦਰ ਵਿਰੁਧ ਮਿਲ ਕੇ ਲੜਨ ਦਾ ਸੱਦਾ ਦਿਤਾ
ਕੱਲਕਤਾ : ਪਛਮੀ ਬੰਗਾਲ ਵਿਧਾਨ ਸਭਾ ਵਿਚ ਸੋਮਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਮਤਾ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਸੀਪੀਐਮ ਅਤੇ ਕਾਂਗਰਸ ਨੂੰ ਰਾਜਸੀ ਮਤਭੇਦਾਂ ਨੂੰ ਲਾਂਭੇ ਰਖਦਿਆਂ ਕੇਂਦਰ ਵਿਚ ਭਾਜਪਾ ਸਰਕਾਰ ਵਿਰੁਧ ਮਿਲ ਕੇ ਲੜਨ ਦਾ ਸੱਦਾ ਦਿਤਾ।
File Photo
ਬੈਨਰਜੀ ਨੇ ਮਤੇ ਬਾਰੇ ਵਿਧਾਨ ਸਭਾ ਵਿਚ ਅਪਣੀ ਗੱਲ ਰਖਦਿਆਂ ਕਿਹਾ ਕਿ ਐਨਪੀਆਰ, ਐਨਆਰਸੀ ਅਤੇ ਸੀਏਏ ਆਪਸ ਵਿਚ ਜੁੜੇ ਹੋਏ ਹਨ ਅਤੇ ਨਵਾਂ ਨਾਗਰਿਕਤਾ ਕਾਨੂੰਨ ਲੋਕ ਵਿਰੋਧੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਕਾਨੂੰਨ ਤੁਰਤ ਵਾਪਸ ਲਿਆ ਜਾਵੇ। ਬੈਨਰਜੀ ਨੇ ਕਿਹਾ, 'ਸੀਏਏ ਲੋਕ ਵਿਰੋਧੀ ਹੈ, ਸੰਵਿਧਾਨ ਵਿਰੋਧੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਕਾਨੂੰਨ ਨੂੰ ਫ਼ੌਰੀ ਵਾਪਸ ਲਿਆ ਜਾਵੇ।'
File Photo
ਉਨ੍ਹਾਂ ਕਿਹਾ,'ਕਾਂਗਰਸ ਅਤੇ ਖੱਬੇ ਮੋਰਚੇ ਨੂੰ ਉਸ ਦੀ ਸਰਕਾਰ ਵਿਰੁਧ ਅਫ਼ਵਾਹਾਂ ਫੈਲਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਸਮਾਂ ਆ ਗਿਆ ਹੈ ਕਿ ਅਸੀਂ ਅਪਣੇ ਮਤਭੇਦਾਂ ਨੂੰ ਭੁੱਲ ਕੇ ਦੇਸ਼ ਨੂੰ ਬਚਾਉਣ ਲਈ ਮਿਲ ਕੇ ਸੰਘਰਸ਼ ਕਰੀਏ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੀ ਮੁਲਾਕਾਤ ਬਾਬਤ ਕਾਂਗਰਸ ਅਤੇ ਸੀਪੀਐਮ ਦੀ ਆਲੋਚਨਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਦੀਦੀ ਮੋਦੀ ਇਕੋ ਸਿੱਕੇ ਦੇ ਦੋ ਪਹਿਲੂ ਹਨ' ਵਾਲਾ ਨਾਹਰਾ ਵਿਰੋਧੀ ਧਿਰ 'ਤੇ ਹੀ ਭਾਰੀ ਪਵੇਗਾ। ਉਨ੍ਹਾਂ ਕਿਹਾ, 'ਸਾਡੀ ਸਰਕਾਰ ਵਿਚ ਦਿੱਲੀ ਵਿਚ ਐਨਪੀਆਰ ਦੀ ਬੈਠਕ ਵਿਚ ਸ਼ਾਮਲ ਨਾ ਹੋਣ ਦਾ ਹੌਸਲਾ ਹੈ ਅਤੇ ਜੇ ਭਾਜਪਾ ਚਾਹੇ ਤਾਂ ਮੇਰੀ ਸਰਕਾਰ ਨੂੰ ਬਰਖ਼ਾਸਤ ਕਰ ਸਕਦੀ ਹੈ।'
File Photo
ਮੁੱਖ ਮੰਤਰੀ ਦੇ ਜਵਾਬ ਮਗਰੋਂ ਸਦਨ ਨੇ ਮਤਾ ਪਾਸ ਕਰ ਦਿਤਾ। ਪੰਜਾਬ, ਕੇਰਲਾ, ਰਾਜਸਥਾਨ ਦੀਆਂ ਵਿਧਾਨ ਸਭਾਵਾਂ ਨਵੇਂ ਨਾਗਰਿਕਤਾ ਕਾਨੂੰਨ ਵਿਰੁਧ ਪਹਿਲਾਂ ਹੀ ਮਤਾ ਪਾਸ ਕਰ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਸੋਧਿਆ ਹੋਇਆ ਨਾਗਰਿਕਤਾ ਕਾਨੂੰਨ ਪਾਸ ਕੀਤੇ ਜਾਣ ਵਿਰੁਧ ਕਾਫ਼ੀ ਸਮੇਂ ਤੋਂ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ।