
ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ, 33 ਦਿਨਾਂ ਦੌਰਾਨ ਹੋਈਆਂ ਨੇ ਉਸਾਰੀਆਂ
ਨਵੀਂ ਦਿੱਲੀ : ਚੀਨ ਭਾਰਤ ਨਾਲ ਚਲਾਕੀਆਂ ਖੇਡਣ ਤੋਂ ਬਾਜ ਨਹੀਂ ਆ ਰਿਹਾ। ਅਪਣੇ ਵਿਸਥਾਰਵਾਦੀ ਰਵੱਈਏ ਤਹਿਤ ਇਕ ਪਾਸੇ ਉਹ ਭਾਰਤ ਨਾਲ ਗੱਲਬਾਤ ਜ਼ਰੀਏ ਸਰਹੱਦੀ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਦਾ ਵਿਖਾਵਾ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਅੰਦਰਖਾਤੇ ਅਪਣੀਆਂ ਗਤੀਵਿਧੀਆਂ ਨੂੰ ਚਾਲੂ ਰੱਖ ਰਿਹਾ ਹੈ। ਤਾਜ਼ਾ ਮਾਮਲਾ ਗਲਵਾਨ ਘਾਟੀ ਦਾ ਸਾਹਮਣੇ ਆਇਆ ਹੈ, ਜਿੱਥੇ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਆਹਮੋ-ਸਾਹਮਣੇ ਆਉਣ ਬਾਅਦ ਖੂਨੀ ਝੜਪ ਵੀ ਹੋ ਚੁੱਕੀ ਹੈ।
Galvan Valley
ਇਸੇ ਸਥਾਨ 'ਤੇ ਹੁਣ ਚੀਨੀ ਸੈਨਾ ਨੇ ਵੱਡੀ ਗਿਣਤੀ 'ਚ ਸਥਾਈ ਉਸਾਰੀਆਂ ਕਰ ਲਈਆਂ ਹਨ। ਇਸ ਦਾ ਖੁਲਾਸਾ ਸੈਟੇਲਾਈਟ ਤਸਵੀਰਾਂ ਜ਼ਰੀਏ ਹੋਇਆ ਹੈ। ਦੱਸ ਦਈਏ ਕਿ ਚੀਨੀ ਸੈਨਾ ਨੇ ਜਿਸ ਜਗ੍ਹਾ 'ਤੇ ਤਾਜ਼ਾ ਉਸਾਰੀਆਂ ਕੀਤੀਆਂ ਹਨ, ਉਹ ਗਲਵਾਨ ਨਦੀ ਦੇ ਕਿਨਾਰਿਆਂ ਵਾਲਾ ਇਲਾਕਾ ਹੈ, ਜਿਸ ਨੂੰ ਭਾਰਤ ਦੀ ਜ਼ਮੀਨ ਮੰਨਿਆ ਜਾਂਦਾ ਹੈ। ਇਸ ਤੋਂ ਸਾਬਤ ਹੋ ਜਾਂਦੈ ਕਿ ਚੀਨੀ ਸੈਨਾ ਨੇ ਨਾ ਸਿਰਫ਼ ਭਾਰਤੀ ਇਲਾਕੇ ਅੰਦਰ ਘੁਸਪੈਠ ਕੀਤੀ ਬਲਕਿ ਉਥੇ ਅਪਣੇ ਕੈਂਪ ਵੀ ਉਸਾਰ ਲਏ ਹਨ।
Galvan Valley
ਇਹ ਵੀ ਜ਼ਿਕਰਯੋਗ ਹੈ ਕਿ ਇਹ ਕੈਂਪ ਪਿਛਲੇ 33 ਦਿਨਾਂ ਦੌਰਾਨ ਹੀ ਉਸਾਰੇ ਗਏ ਹਨ। ਇਕ ਰਿਪੋਰਟ ਮੁਤਾਬਕ ਬੀਤੀ 22 ਮਈ ਨੂੰ ਇਸੇ ਇਲਾਕੇ ਦੀਆਂ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ 'ਚ ਇਹ ਨਿਰਮਾਣ ਕਾਰਜ ਵਿਖਾਈ ਨਹੀਂ ਦਿੰਦੇ ਜਦਕਿ 22 ਜੂਨ ਨੂੰ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ 'ਚ ਇਸ ਵਿਵਾਦਿਤ ਇਲਾਕੇ ਅੰਦਰ ਚੀਨ ਵਲੋਂ ਵੱਡੀ ਗਿਣਤੀ 'ਚ ਕੀਤੀਆਂ ਗਈਆਂ ਉਸਾਰੀਆਂ ਵਿਖਾਈ ਦਿੰਦੀਆਂ ਹਨ।
Galvan Valley
ਗਲਵਾਨ ਘਾਟੀ 'ਚ ਪੀਪੀ-14 ਪੁਆਇਟ ਦੇ ਨੇੜੇ ਨਦੀ ਦੇ ਕਿਨਾਰਿਆਂ ਵਾਲੇ ਇਲਾਕੇ 'ਚ ਕੀਤੀਆਂ ਉਸਾਰੀਆਂ ਇਸ ਲਈ ਵੀ ਅਹਿਮ ਹਨ, ਕਿਉਂਕਿ ਚੀਨੀ ਸੈਨਾ ਇੱਥੋਂ ਥੱਲੇ ਨਦੀ ਦੇ ਕਿਨਾਰਿਆਂ ਤਕ ਭਾਰਤੀ ਸੈਨਾ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਦੀ ਹੈ।
Galvan Valley
ਸੈਟੇਲਾਈਟ ਤਸਵੀਰਾਂ ਤੋਂ ਗਲਵਾਨ ਨਦੀ ਦੇ ਕੰਢੇ 'ਤੇ 50 ਦੇ ਕਰੀਬ ਚੀਨੀ ਸੈਨਿਕਾਂ ਦੀ ਮੌਜੂਦਗੀ ਦਾ ਵੀ ਪਤਾ ਚੱਲਦਾ ਹੈ। 25 ਸੈਨਿਕ ਉਨ੍ਹਾਂ ਤੋਂ ਕਰੀਬ 150 ਮੀਟਰ ਦੀ ਦੂਰੀ 'ਤੇ ਵਿਖਾਈ ਦੇ ਰਹੇ ਹਨ। ਸੈਟੇਲਾਈਟ ਤਸਵੀਰਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਚੀਨੀ ਸੈਨਾ ਇਸ ਇਲਾਕੇ 'ਚ ਅਹਿਮ ਟਿਕਾਣਿਆਂ 'ਤੇ ਤੈਨਾਤ ਹੈ, ਜਿੱਥੋਂ ਉਹ ਭਾਰਤੀ ਸੈਨਾ 'ਤੇ ਨਜ਼ਰ ਰੱਖ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।