
ਤਲਾਕ ਦੀ ਅਰਜ਼ੀ ਲੈ ਕੇ ਅਦਾਲਤ ਪੁੱਜੀ ਘਰਵਾਲੀ
ਨਵੀਂ ਦਿੱਲੀ : ਗਾਜਿਆਬਾਦ ਦੀ ਇਕ ਅਦਾਲਤ 'ਚ 27 ਸਾਲਾ ਔਰਤ ਨੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਅਰਜ਼ੀ ਦਿੱਤੀ ਹੈ। ਔਰਤ ਆਪਣੇ ਪਤੀ ਵੱਲੋਂ ਲਗਾਤਾਰ ਮੋਟਾਪੇ ਲਈ ਤਾਹਣੇ-ਮਿਹਣੇ ਦਿੱਤੇ ਜਾਣ ਤੋਂ ਪ੍ਰੇਸ਼ਾਨ ਸੀ। ਔਰਤ ਦਾ ਦੋਸ਼ ਹੈ ਕਿ ਉਸ ਦਾ ਪਤੀ ਉਸ ਦੇ ਮੋਟਾਪੇ ਲਈ ਹਮੇਸ਼ਾ ਉਸ ਨੂੰ ਬੋਲਦਾ ਰਹਿੰਦਾ ਹੈ ਅਤੇ ਮਾਨਸਿਕ ਤੌਰ 'ਤੇ ਉਸ ਨੂੰ ਪ੍ਰੇਸ਼ਾਨ ਕਰਦਾ ਹੈ। ਔਰਤ ਦੀ ਦਲੀਲ ਨੂੰ ਐਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਮਨਜੂਰ ਕਰ ਲਿਆ ਗਿਆ ਹੈ। ਦੋਹਾਂ ਧਿਰਾਂ ਦੇ ਬਿਆਨ ਰਿਕਾਰਡ ਕੀਤੇ ਜਾਣਗੇ।
Court
ਪੀੜਤ ਔਰਤ ਬਿਜਨੌਰ ਦੀ ਰਹਿਣ ਵਾਲੀ ਹੈ ਅਤੇ ਸਾਲ 2014 'ਚ ਉਸ ਦਾ ਵਿਆਹ ਮੇਰਠ 'ਚ ਹੋਇਆ ਸੀ। ਉਸ ਦਾ ਪਤੀ ਸਾਫ਼ਟਵੇਅਰ ਇੰਜੀਨੀਅਰ ਹੈ ਅਤੇ ਨੋਇਡਾ 'ਚ ਕੰਮ ਕਰਦਾ ਹੈ। ਸਾਲ 2016 'ਚ ਦੋਵੇਂ ਇੰਦਰਾਪੁਰਮ ਦੇ ਇਕ ਫ਼ਲੈਟ 'ਚ ਸ਼ਿਫ਼ਟ ਹੋ ਗਏ ਸਨ। ਔਰਤ ਦਾ ਕਹਿਣਾ ਹੈ ਕਿ ਸ਼ੁਰੂਆਤ 'ਚ ਉਸ ਦਾ ਪਤੀ ਉਸ 'ਤੇ ਕੋਈ ਟਿਪਣੀ ਨਹੀਂ ਕਰਦਾ ਸੀ ਪਰ ਬਾਅਦ 'ਚ ਉਸ ਨੂੰ ਆਪਣੇ ਨਾਲ ਬਾਹਰ ਲਿਜਾਣਾ ਬੰਦ ਕਰ ਦਿੱਤਾ ਅਤੇ ਕਿਹਾ ਕਿ ਉਹ ਬਹੁਤ ਮੋਟੀ ਹੈ।
Ghaziabad : Woman files divorce plea against husband who 'fat shamed' her
ਔਰਤ ਦਾ ਕਹਿਣਾ ਹੈ ਕਿ ਪਤੀ ਉਸ ਨੂੰ ਰੋਜ਼ਾਨਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਲੱਗਾ ਅਤੇ ਬਾਹਰੀ ਲੋਕਾਂ ਅੱਗੇ ਉਸ ਨੂੰ ਤਾਹਣੇ-ਮਿਹਣੇ ਮਾਰਦਾ ਰਹਿੰਦਾ ਸੀ। ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਉਸ ਨੂੰ ਸ਼ਰਾਬ ਪੀਣ ਲਈ ਵੀ ਮਜਬੂਰ ਕਰਦਾ ਸੀ ਅਤੇ ਇਨਕਾਰ ਕਰਨ 'ਤੇ ਉਸ ਨਾਲ ਮਾਰਕੁੱਟ ਵੀ ਕੀਤੀ ਸੀ।