
ਜ਼ਿਲ੍ਹਾ ਕੁਲੈਕਟਰ ਨੇ ਕੋਚਿੰਗ ਸੈਂਟਰ ਵਿਚ 2 ਮਹੀਨਿਆਂ ਤਕ ਟੈਸਟ 'ਤੇ ਲਗਾਈ ਪਾਬੰਦੀ
ਕੋਟਾ: ਰਾਜਸਥਾਨ ਦੇ ਕੋਟਾ 'ਚ ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਇਥੇ ਪੜ੍ਹਾਈ ਦੇ ਦਬਾਅ ਹੇਠ ਵਿਦਿਆਰਥੀ ਲਗਾਤਾਰ ਅਪਣੀ ਜਾਨ ਦੇ ਰਹੇ ਹਨ। ਐਤਵਾਰ ਨੂੰ ਵੀ ਟੈਸਟ ਸੀਰੀਜ਼ 'ਚ ਘੱਟ ਨੰਬਰ ਆਉਣ ਤੋਂ ਤੰਗ ਆ ਕੇ ਦੋ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਨੇ ਕੋਚਿੰਗ ਸੈਂਟਰ 'ਚ ਟੈਸਟ ਲੈਣ 'ਤੇ ਪਾਬੰਦੀ ਲਗਾ ਦਿਤੀ ਹੈ। ਫਿਲਹਾਲ ਇਹ ਪਾਬੰਦੀ ਦੋ ਮਹੀਨਿਆਂ ਲਈ ਲਗਾਈ ਗਈ ਹੈ।
ਇਹ ਵੀ ਪੜ੍ਹੋ: ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੋਪੜਾ
ਏ.ਐਸ.ਪੀ. ਭਾਗਵਤ ਸਿੰਘ ਹਿੰਗੜ ਨੇ ਦਸਿਆ ਕਿ ਐਤਵਾਰ ਦੁਪਹਿਰ ਕਰੀਬ 3 ਵਜੇ ਲਾਤੂਰ (ਮਹਾਰਾਸ਼ਟਰ) ਦੇ ਰਹਿਣ ਵਾਲੇ ਅਵਿਸ਼ਕਾਰ ਸੰਭਾਜੀ ਕਾਸਲੇ (16) ਨੇ ਅਪਣੇ ਕੋਟਾ ਸਥਿਤ ਕੋਚਿੰਗ ਇੰਸਟੀਚਿਊਟ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ 3 ਸਾਲਾਂ ਤੋਂ ਕੋਟਾ ਦੇ ਤਲਵੰਡੀ ਇਲਾਕੇ 'ਚ ਰਹਿ ਰਿਹਾ ਸੀ। ਉਹ ਇਥੇ ਨੀਟ ਦੀ ਤਿਆਰੀ ਕਰ ਰਿਹਾ ਸੀ। ਉਹ ਐਤਵਾਰ ਨੂੰ ਰੋਡ ਨੰਬਰ 1 ਸਥਿਤ ਕੋਚਿੰਗ ਇੰਸਟੀਚਿਊਟ 'ਚ ਪ੍ਰੀਖਿਆ ਦੇਣ ਲਈ ਆਇਆ ਸੀ।
ਇਹ ਵੀ ਪੜ੍ਹੋ: ਵਿਧਾਇਕ ਸੰਦੀਪ ਜਾਖੜ ਦਾ ਰਾਜਾ ਵੜਿੰਗ ’ਤੇ ਤੰਜ਼, “ਲੱਗਦੈ ਅਜੇ ਤਕ ਕਾਂਗਰਸ ਜੋੜੋ ਦਾ ਖਾਕਾ ਨਹੀਂ ਮਿਲਿਆ”
ਇਸ ਤੋਂ ਬਾਅਦ ਕੁੰਹੜੀ ਦੇ ਲੈਂਡਮਾਰਕ ਇਲਾਕੇ 'ਚ ਰਹਿਣ ਵਾਲੇ ਕੋਚਿੰਗ ਦੇ ਵਿਦਿਆਰਥੀ ਆਦਰਸ਼ (18) ਦੀ ਸ਼ਾਮ 7 ਵਜੇ ਅਪਣੇ ਕਮਰੇ 'ਚ ਲਟਕਦੀ ਲਾਸ਼ ਮਿਲੀ। ਆਦਰਸ਼ ਬਿਹਾਰ ਦੇ ਰੋਹਿਤਸ਼ਵ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਵਿਦਿਆਰਥੀ ਨੀਟ ਦੀ ਤਿਆਰੀ ਕਰਨ ਲਈ 4 ਮਹੀਨੇ ਪਹਿਲਾਂ ਕੋਟਾ ਆਇਆ ਸੀ। ਇਥੇ ਲੈਂਡਮਾਰਕ ਇਲਾਕੇ ਵਿਚ ਉਹ ਅਪਣੇ ਭਰਾ ਅਤੇ ਭੈਣ ਨਾਲ ਇਕ ਫਲੈਟ ਵਿਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ: ਬੇਕਾਬੂ ਟਿੱਪਰ ਨੇ ਰੇਹੜੀ ਵਾਲਿਆਂ ਨੂੰ ਦਰੜਿਆ; 3 ਲੋਕਾਂ ਦੀ ਮੌਤ ਅਤੇ 6 ਜ਼ਖ਼ਮੀ
ਏ.ਐਸ.ਪੀ. ਨੇ ਦਸਿਆ ਕਿ ਫਲੈਟ ਵਿਚ ਤਿੰਨ ਵੱਖਰੇ ਕਮਰੇ ਹਨ। ਐਤਵਾਰ ਨੂੰ ਟੈਸਟ ਦੇਣ ਤੋਂ ਬਾਅਦ ਆਦਰਸ਼ ਆਪਣੇ ਕਮਰੇ 'ਚ ਚਲਾ ਗਿਆ ਸੀ। ਸ਼ਾਮ 7 ਵਜੇ ਉਸ ਦੀ ਭੈਣ ਨੇ ਉਸ ਨੂੰ ਖਾਣਾ ਖਾਣ ਲਈ ਬੁਲਾਇਆ ਪਰ ਉਸ ਨੇ ਕੋਈ ਜਵਾਬ ਨਹੀਂ ਦਿਤਾ। ਇਸ ਤੋਂ ਬਾਅਦ ਉਸ ਨੇ ਚਚੇਰੇ ਭਰਾ ਨੂੰ ਬੁਲਾਇਆ। ਦੋਵਾਂ ਨੇ ਕਾਫੀ ਦੇਰ ਤਕ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਦੋਵੇਂ ਭੈਣ-ਭਰਾਵਾਂ ਨੇ ਦਰਵਾਜ਼ਾ ਤੋੜ ਦਿਤਾ। ਆਦਰਸ਼ ਨੂੰ ਫਾਹੇ 'ਤੇ ਲਟਕਦਾ ਦੇਖ ਕੇ ਦੂਜੇ ਫਲੈਟ 'ਚ ਰਹਿੰਦੇ ਲੋਕਾਂ ਨੂੰ ਸੂਚਨਾ ਦਿਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅੱਜ ਵੀ ਬੰਦ ਰਹੇਗਾ ਬੱਦੋਵਾਲ ਐਮੀਨੈਂਸ ਸਕੂਲ; ਦੂਜੀ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ
ਪੁਲਿਸ ਨੇ ਕਿਹਾ- ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਆਦਰਸ਼ ਕੋਚਿੰਗ ਇੰਸਟੀਚਿਊਟ ਦੇ ਟੈਸਟ 'ਚ ਲਗਾਤਾਰ ਘੱਟ ਨੰਬਰ ਲੈ ਰਿਹਾ ਸੀ। 700 ਵਿਚੋਂ ਉਹ ਸਿਰਫ਼ 250 ਅੰਕ ਹੀ ਹਾਸਲ ਕਰ ਸਕਿਆ। ਇਸ ਗੱਲ ਨੂੰ ਲੈ ਕੇ ਉਹ ਚਿੰਤਤ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਉਸ ਨੇ ਫਾਹਾ ਲੈ ਲਿਆ। ਏ.ਐਸ.ਪੀ. ਨੇ ਦਸਿਆ- ਹੁਣ ਤਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮਾਪਿਆਂ ਦੇ ਆਉਣ ਤੋਂ ਬਾਅਦ ਕਮਰੇ ਦੀ ਤਲਾਸ਼ੀ ਲਈ ਜਾਵੇਗੀ।
ਜ਼ਿਲ੍ਹਾ ਕੁਲੈਕਟਰ ਨੇ ਕੋਚਿੰਗ ਸੈਂਟਰ ਵਿਚ ਟੈਸਟ 'ਤੇ ਲਗਾਈ ਪਾਬੰਦੀ
ਕੋਟਾ ਦੇ ਕੁਲੈਕਟਰ ਓ.ਪੀ. ਬੰਕਰ ਨੇ 12 ਅਗਸਤ ਨੂੰ ਇਕ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕੋਚਿੰਗ ਸੰਚਾਲਕਾਂ ਨੂੰ ਸਖ਼ਤ ਨਿਰਦੇਸ਼ ਦਿਤੇ ਸਨ ਕਿ ਐਤਵਾਰ ਨੂੰ ਕੋਈ ਵੀ ਟੈਸਟ ਨਾ ਲਿਆ ਜਾਵੇ। ਇਸ ਦੇ ਬਾਵਜੂਦ ਐਤਵਾਰ ਨੂੰ ਹੀ ਪ੍ਰੀਖਿਆ ਨੂੰ ਲੈ ਕੇ ਦੋ ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਘਟਨਾ ਤੋਂ ਬਾਅਦ ਕਲੈਕਟਰ ਓ.ਪੀ. ਬੰਕਰ ਨੇ ਐਤਵਾਰ ਰਾਤ ਨੂੰ ਹੁਕਮ ਜਾਰੀ ਕਰ ਦਿਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਹੁਣ ਕੋਈ ਵੀ ਕੋਚਿੰਗ ਸੰਸਥਾ ਦੋ ਮਹੀਨਿਆਂ ਤਕ ਬੱਚਿਆਂ ਦਾ ਕੋਚਿੰਗ ਟੈਸਟ ਨਹੀਂ ਲਵੇਗੀ। ਕਲੈਕਟਰ ਨੇ ਇਹ ਹੁਕਮ ਇਕ ਦਿਨ ਵਿਚ ਦੋ ਖੁਦਕੁਸ਼ੀਆਂ ਅਤੇ ਟੈਸਟ ਵਿਚ ਘੱਟ ਅੰਕ ਮਿਲਣ ਕਾਰਨ ਵਿਦਿਆਰਥੀਆਂ ਦੇ ਪਰੇਸ਼ਾਨ ਹੋਣ ਦੇ ਚਲਦਿਆਂ ਜਾਰੀ ਕੀਤਾ ਹੈ। ਦਰਅਸਲ ਜ਼ਿਆਦਾਤਰ ਕੋਚਿੰਗ ਟੈਸਟ ਐਤਵਾਰ ਨੂੰ ਹੁੰਦੇ ਹਨ।