
ਕਿਹਾ - ਆਸਣ ਨੂੰ ਲਗਦਾ ਹੈ ਕਿ ਮੇਰੀ ਭਾਵਨਾ ਵਿਚ ਕੋਈ ਗ਼ਲਤੀ ਹੋਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ
ਨਵੀਂ ਦਿੱਲੀ : ਲੋਕ ਸਭਾ 'ਚ ਬੀਤੇ ਦਿਨੀ ਸਪੀਕਰ ਦੀ ਕੁਰਸੀ 'ਤੇ ਬੈਠੀ ਸਪੀਕਰ ਰਮਾ ਦੇਵੀ 'ਤੇ ਕੀਤੀ ਗਈ ਵਿਵਾਦਤ ਟਿਪਣੀ ਸਬੰਧੀ ਅਲੋਚਨਾਵਾਂ ਨਾਲ ਘਿਰੇ ਸਮਾਜਵਾਦੀ ਪਾਰਟੀ ਦੇ ਸਾਂਸਦ ਆਜ਼ਮ ਖ਼ਾਨ ਨੇ ਸੋਮਵਾਰ ਨੂੰ ਇਸ ਮਾਮਲੇ ਵਿਚ ਸਦਨ 'ਚ ਮੁਆਫ਼ੀ ਮੰਗ ਲਈ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਜ਼ਮ ਖ਼ਾਨ ਦਾ ਨਾਂ ਬੋਲਿਆ।
Azam Khan
ਐਸਪੀ ਮੈਂਬਰ ਨੇ ਕਿਹਾ ਕਿ ਆਸਣ ਪ੍ਰਤੀ ਮੇਰੀ ਕੋਈ ਗ਼ਲਤ ਭਾਵਨਾ ਨਹੀਂ ਸੀ ਅਤੇ ਨਾ ਹੀ ਕਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦੋ ਵਾਰ ਸੰਸਦੀ ਕੰਮਾਂ ਦੇ ਮੰਤਰੀ ਰਹੇ ਹਨ, ਚਾਰ ਵਾਰ ਮੰਤਰੀ ਰਹੇ ਹਨ, 9 ਵਾਰ ਵਿਧਾਇਕ ਰਹੇ ਹਨ ਅਤੇ ਰਾਜ ਸਭਾ ਵਿਚ ਵੀ ਰਹਿ ਚੁੱਕੇ ਹਨ।''ਮੇਰੇ ਭਾਸ਼ਣ, ਮੇਰੇ ਚਰਿੱਤਰ ਨੂੰ ਪੂਰਾ ਸਦਨ ਜਾਣਦਾ ਹੈ ਇਸ ਦੇ ਬਾਵਜੂਦ ਵੀ ਆਸਣ ਨੂੰ ਲਗਦਾ ਹੈ ਕਿ ਮੇਰੀ ਭਾਵਨਾ ਵਿਚ ਕੋਈ ਗ਼ਲਤੀ ਹੋਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।''
Rama Devi and Azam Khan
ਹਾਲਾਂਕਿ, ਰਮਾ ਦੇਵੀ ਅਤੇ ਕੁਝ ਮੈਂਬਰਾਂ ਨੇ ਆਜ਼ਮ ਦੀ ਗੱਲ ਠੀਕ ਤਰ੍ਹਾਂ ਨਹੀਂ ਸੁਣੇ ਜਾਣ ਦੀ ਗੱਲ ਵੀ ਆਖੀ। ਸੰਸਦੀ ਕੰਮਾਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਖ਼ਾਨ ਨੂੰ ਅਪਣੀ ਗੱਲ ਸਪੱਸ਼ਟ ਰੂਪ ਵਿਚ ਕਹਿਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਜੋ ਕਿਹਾ, ਸਦਨ ਉਸ ਨੂੰ ਸਮਝ ਨਹੀਂ ਸਕਿਆ। ਖ਼ਾਨ ਦੇ ਨਾਲ ਹੀ ਬੈਠੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਆਜ਼ਮ ਖ਼ਾਨ ਨੇ ਸਹੀ ਸ਼ਬਦਾਂ ਵਿਚ ਸਦਨ ਵਿਚ ਮੁਆਫ਼ੀ ਮੰਗ ਲਈ ਹੈ।
Azam Khan
ਉਨ੍ਹਾਂ ਇਸ ਦੌਰਾਨ ਉਨਾਵ ਬਲਾਤਕਾਰ ਕਾਂਡ ਦੀ ਪੀੜਤ ਨਾਲ ਕਲ ਹੋਏ ਸੜਕ ਹਾਦਸੇ ਦਾ ਮਾਮਲਾ ਚੁੱਕਣ ਦਾ ਯਤਨ ਕੀਤਾ ਅਤੇ ਕਿਹਾ ਕਿ ਸਦਨ ਨੂੰ ਇਸ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਇਸ 'ਤੇ ਸੱਤਾਧਿਰ ਦੇ ਮੈਂਬਰਾਂ ਨੇ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਉਨਾਵ ਮਾਮਲੇ ਵਿਚ ਇਕ ਭਾਜਵਾ ਵਿਧਾਇਕ ਦੋਸ਼ੀ ਹੈ। ਇਸ ਦੌਰਾਨ ਭਾਜਪਾ ਮੈਂਬਰ ਰਮਾ ਦੇਵੀ ਨੇ ਕਿਹਾ ਕਿ ਆਜ਼ਮ ਖ਼ਾਨ ਦੀ ਔਰਤਾਂ ਵਿਰੁਧ ਇਤਰਾਜ਼ਯੋਗ ਭਾਸ਼ਾ ਬੋਲਣ ਦੀ ਆਦਤ ਰਹੀ ਹੈ, ਬਾਹਰ ਵੀ ਐਵੇਂ ਹੀ ਬੋਲਦੇ ਰਹੇ ਹਨ।'' ਮੈਂ ਸੀਨੀਅਰ ਸਾਂਸਦ ਹਾਂ, ਸਪੀਕਰ ਨੇ ਜੋ ਕਿਹਾ ਹੈ ਮੈਂ ਉਸ ਦਾ ਪਾਲਣ ਕਰ ਰਹੀ ਹਾਂ।'' ਇਸ ਤੋਂ ਬਾਅਦ ਸਪੀਕਰ ਬਿਰਲਾ ਨੇ ਆਜ਼ਮ ਖ਼ਾਨ ਨੂੰ ਇਕ ਵਾਰ ਫਿਰ ਮੁਆਫ਼ੀ ਮੰਗਣ ਲਈ ਕਿਹਾ।
Azam Khan
ਆਜ਼ਮ ਖ਼ਾਨ ਨੇ ਫਿਰ ਕਿਹਾ, ''ਗੱਲ ਨੂੰ ਇਕ ਵਾਰ ਕਹੋ ਜਾਂ ਇਕ ਹਜ਼ਾਰ ਵਾਰ, ਗੱਲ ਉਹੀ ਰਹੇਗੀ। ਆਸਣ ਪ੍ਰਤੀ ਮੇਰੀ ਕੋਈ ਗ਼ਲਤ ਭਾਵਨਾ ਹੋਵੇ ਅਜਿਹਾ ਸੰਭਵ ਹੀ ਨਹੀਂ ਹੈ, ਫਿਰ ਵੀ ਆਸਣ ਨੂੰ ਲਗਦਾ ਹੈ ਕਿ ਮੇਰੇ ਤੋਂ ਕੋਈ ਗ਼ਲਤੀ ਹੋਈ ਹੈ ਤਾਂ ਮੈ ਮੁਆਫ਼ੀ ਮੰਗਦਾ ਹਾਂ।'' ਖ਼ਾਨ ਦੇ ਮੁਆਫ਼ੀ ਮੰਗਣ ਤੋਂ ਬਾਅਦ ਬਿਰਲਾ ਨੇ ਕਿਹਾ ਕਿ ਸਦਨ ਸਾਰਿਆਂ ਦਾ ਹੈ। ਇਹ ਆਸਣ ਵੀ ਸਾਰਿਆਂ ਦਾ ਹੈ। ਇਸ ਦਾ ਮਾਣ ਬਣਾ ਕੇ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।