
ਕਾਂਗਰਸ ਸ੍ਰੀ ਕਰਤਾਰਪੁਰ ਸਾਹਿਬ ਵੀ ਵਾਪਸ ਨਹੀਂ ਲੈ ਸਕੀ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਬਾਅ ਹੇਠ ਆਪਰੇਸ਼ਨ ਸੰਧੂਰ ਰੋਕਣ ਦੇ ਕਾਂਗਰਸ ਦੇ ਦਾਅਵਿਆਂ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ ਅਜੇ ਤਕ ਵਾਪਸ ਕਿਉਂ ਨਹੀਂ ਲਿਆ ਗਿਆ, ਇਸ ਤੋਂ ਪਹਿਲਾਂ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਸ ਨੂੰ ਕਿਸ ਨੇ ਜਾਣ ਦਿਤਾ।
ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ ਉਤੇ ਹਮਲਾ ਕਰਦਿਆਂ ਕਿਹਾ, ‘‘ਇਹ ਪੁੱਛਣ ਤੋਂ ਪਹਿਲਾਂ ਕਿ ਪੀ.ਓ਼ਕੇ. ਨੂੰ ਅਜੇ ਤਕ ਵਾਪਸ ਕਿਉਂ ਨਹੀਂ ਲਿਆ ਗਿਆ, ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਸ ਨੂੰ ਜਾਣ ਕਿਸ ਨੇ ਦਿਤਾ? ਜਵਾਹਰ ਲਾਲ ਨਹਿਰੂ ਤੋਂ ਲੈ ਕੇ ਪਿਛਲੀਆਂ ਕਾਂਗਰਸ ਸਰਕਾਰਾਂ ਵਲੋਂ ਕੀਤੀਆਂ ਗਈਆਂ ਗਲਤੀਆਂ ਦਾ ਦਰਦ ਭਾਰਤ ਅਜੇ ਵੀ ਝੱਲ ਰਿਹਾ ਹੈ।’’
ਉਨ੍ਹਾਂ ਸਦਨ ਨੂੰ ਦਸਿਆ ਕਿ ਉਦੋਂ ਕਾਂਗਰਸ ਸਰਕਾਰਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਦੇ ਮੌਕੇ ਗੁਆ ਦਿਤੇ ਜਦੋਂ ਭਾਰਤ ਨੇ ਪਾਕਿਸਤਾਨ ਦੀ ਜ਼ਮੀਨ ਅਤੇ ਫ਼ੌਜੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਪੀਐਮ ਮੋਦੀ ਅਤੇ ਸ਼ਾਹ ਨੇ ਨਹਿਰੂ ਉਤੇ ਸਿੰਧੂ ਜਲ ਸਮਝੌਤੇ ਵਿਚ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਇਸ ਸੰਧੀ ਨੂੰ ਨਹਿਰੂ ਦੀ ‘ਵੱਡੀ ਭੁੱਲ’ ਕਰਾਰ ਦਿਤਾ। ਮੋਦੀ ਨੇ ਕਿਹਾ ਕਿ ਬਾਅਦ ਦੀਆਂ ਸਰਕਾਰਾਂ ਨੇ ਸਿੰਧੂ ਜਲ ਸਮਝੌਤੇ ਦੀ ਨਹਿਰੂ ਦੀ ਗਲਤੀ ਨੂੰ ਠੀਕ ਨਹੀਂ ਕੀਤਾ ਪਰ ਅਸੀਂ ਸਪੱਸ਼ਟ ਕਰ ਦਿਤਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।