ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ
ਹਰਿਆਣਾ : ਹਰਿਆਣ ਦੇ ਪਲਵਲ-ਫ਼ਰੀਦਾਬਾਦ ਵਿਚਕਾਰ ਵੀਰਵਾਰ ਸਵੇਰੇ ਤੇਲੰਗਾਨਾ ਐਕਸਪ੍ਰੈਸ ਦੀ ਬੋਗੀ 'ਚ ਭਿਆਨਕ ਅੱਗ ਲੱਗ ਗਈ। ਰੇਲਵੇ ਪ੍ਰੋਟੈਕਸ਼ਨ ਫ਼ੋਰਸ (ਆਰਪੀਐਫ) ਅਤੇ ਫ਼ਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾ ਲਿਆ। ਉੱਤਰ ਰੇਲਵੇ ਦੇ ਸੀਪੀਆਰਓ ਨੇ ਦਸਿਆ ਕਿ ਵੀਰਵਾਰ ਸਵੇਰੇ 7:43 ਵਜੇ ਤੇਲੰਗਾਨਾ ਐਕਸਪ੍ਰੈਸ ਦੇ ਬ੍ਰੇਕ ਬਾਈਂਡਿੰਗ 'ਚ ਅੱਗ ਲੱਗ ਗਈ। ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਮੁਤਾਬਕ ਹੈਦਰਾਬਾਦ ਤੋਂ ਦਿੱਲੀ ਆ ਰਹੀ ਤੇਲੰਗਾਨਾ ਐਕਸਪ੍ਰੈਸ (12723) 'ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਗੱਡੀ ਪਲਵਲ ਸਟੇਸ਼ਨ ਤੋਂ ਸਵੇਰੇ 7:20 ਵਜੇ ਰਵਾਨਾ ਹੋਈ। ਇਸ ਤੋਂ ਬਾਅਦ ਟਰੇਨ ਜਿਵੇਂ ਹੀ ਅਸਾਵਟੀ ਸਟੇਸ਼ਨ ਨੇੜੇ ਪੁੱਜੀ ਤਾਂ ਉਸ ਦੀ ਏ.ਸੀ. ਬੋਗੀ 'ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਵੇਖ ਤੁਰੰਤ ਐਮਰਜੈਂਸੀ ਚੇਨ ਖਿੱਚ ਕੇ ਰੇਲ ਗੱਡੀ ਰੋਕੀ ਗਈ। ਮੁਸਾਫ਼ਰ ਫਟਾਫਟ ਗੱਡੀ 'ਚੋਂ ਬਾਹਰ ਨਿਕਲਣ ਲੱਗੇ। ਅੱਗ ਇੰਨੀ ਵੱਧ ਗਈ ਕਿ ਨਾਲ ਲੱਗੀ ਪੈਂਟਰੀ ਕਾਰ ਨੂੰ ਵੀ ਆਪਣੀ ਲਪੇਟ 'ਚ ਲੈ ਗਿਆ। ਪੈਂਟਰੀ ਕਾਰ ਤੋਂ ਅੱਗ ਐਸ-10 ਬੋਗੀ ਤਕ ਪਹੁੰਚ ਗਈ।
ਘਟਨਾ ਵਾਲੀ ਥਾਂ 'ਤੇ ਦਿੱਲੀ ਤੋਂ ਰਿਲੀਫ਼ ਟਰੇਨ ਦੇ ਨਾਲ ਰੇਲਵੇ ਡੀਆਰਐਮ ਅਤੇ ਸੀਨੀਅਰ ਅਧਿਕਾਰੀ ਪੁੱਜੇ। ਸੜੀ ਹੋਈ ਬੋਗੀਆਂ ਨੂੰ ਟਰੇਨ ਤੋਂ ਵੱਖ ਕਰ ਕੇ ਗੱਡੀ ਨੂੰ ਦਿੱਲੀ ਰਵਾਨਾ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਇਸ ਟਰੈਕ ਤੋਂ ਗੁਜਰਨ ਵਾਲੀਆਂ ਸਾਰੀਆਂ ਰੇਲ ਗੱਡੀਆਂ ਪ੍ਰਭਾਵਤ ਹੋਈਆਂ।