
ਜਿਵੇਂ ਹੀ ਪੁਲਿਸ, ਸੰਨੀ ਨੂੰ ਲੈ ਕੇ ਕੈਂਪਸ ਦੀਆਂ ਪੌੜੀਆਂ 'ਤੇ ਪਹੁੰਚੀ ਤਾਂ ਹਮਲਾਵਰਾਂ ਨੇ ਉਸ 'ਤੇ ਪਿੱਛਿਓਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਚੰਡੀਗੜ੍ਹ: ਨਾਲਾਗੜ੍ਹ ਕੋਰਟ ਕੰਪਲੈਕਸ 'ਚ ਪੇਸ਼ੀ 'ਤੇ ਲਿਆਂਦੇ ਗਏ ਸੰਨੀ ਨਾਮ ਦੇ ਮੁਲਜ਼ਮ 'ਤੇ ਦਿਨ ਦਿਹਾੜੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸੰਨੀ, ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਮੁਲਜ਼ਮ ਹੈ ਅਤੇ ਪੁਲਿਸ ਵੱਲੋਂ ਉਸ ਨੂੰ ਕੰਡਾਘਾਟ ਜੇਲ੍ਹ ਤੋਂ ਨਾਲਾਗੜ੍ਹ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾ ਰਿਹਾ ਸੀ। ਜਿਵੇਂ ਹੀ ਪੁਲਿਸ, ਸੰਨੀ ਨੂੰ ਲੈ ਕੇ ਕੈਂਪਸ ਦੀਆਂ ਪੌੜੀਆਂ 'ਤੇ ਪਹੁੰਚੀ ਤਾਂ ਅੱਧੇ ਦਰਜਨ ਦੇ ਕਰੀਬ ਹਮਲਾਵਰਾਂ ਨੇ ਉਸ 'ਤੇ ਪਿੱਛਿਓਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਅੰਨ੍ਹੇਵਾਹ ਫਾਇਰਿੰਗ ਕਰਨ ਤੋਂ ਬਾਅਦ ਹਮਲਾਵਰ ਹਵਾ 'ਚ ਫਾਇਰਿੰਗ ਕਰਦੇ ਹੋਏ ਫ਼ਰਾਰ ਹੋ ਗਏ। ਪੁਲਿਸ ਨੇ ਹਮਲਾਵਰਾਂ ਦਾ ਇਕ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਡੀਐਸਪੀ ਨਾਲਾਗੜ੍ਹ ਅਮਿਤ ਯਾਦਵ ਮੌਕੇ 'ਤੇ ਪਹੁੰਚ ਗਏ। ਦੱਸ ਦੇਈਏ ਕਿ ਸੰਨੀ ਉਰਫ਼ ਅਜੇ ਬੰਬੀਹਾ ਗੈਂਗ ਦਾ ਸ਼ੂਟਰ ਹੈ। ਜਦੋਂ ਹਮਲਾਵਰਾਂ ਨੇ ਫਾਇਰਿੰਗ ਕੀਤੀ ਤਾਂ ਸੰਨੀ ਨੇ ਕੋਰਟ ਰੂਮ ਵਿਚ ਜਾ ਕੇ ਜਾਨ ਬਚਾਈ। ਇਸ ਘਟਨਾ ਤੋਂ ਬਾਅਦ ਨਾਲਾਗੜ੍ਹ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ।