
ਭੜਕੀ ਭੀੜ ਨੇ 3 ਜਣਿਆਂ ਦੀ ਕਰ ਦਿੱਤੀ ਅੰਨ੍ਹੇਵਾਹ ਕੁੱਟਮਾਰ
ਭੋਪਾਲ - ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ 'ਚ ਕਾਲੇ ਜਾਦੂ ਦੇ ਸ਼ੱਕ 'ਚ ਪਿੰਡ ਵਾਸੀਆਂ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਬਾਲਾਪੁਰ ਵਾਸੀ ਗੋਮਾ (55) ਵਜੋਂ ਹੋਈ ਹੈ, ਜਦੋਂ ਕਿ ਢੋਲਨਖਾਪਾ ਵਾਸੀ ਸ਼ੇਸ਼ਰਾਓ ਇਵਨਤੀ (35) ਅਤੇ ਪੁੰਨੂ ਉਈਕੇ (43) ਜ਼ਖ਼ਮੀ ਹੋ ਗਏ।
"ਨਾਦਨਵਾੜੀ ਪਿੰਡ ਵਿੱਚ ਵੀਰਵਾਰ ਦੇ ਦਿਨ ਪੰਚਾਇਤ ਬੁਲਾਈ ਗਈ ਸੀ, ਕਿਉਂਕਿ ਪਿਛਲੇ ਦੋ ਮਹੀਨਿਆਂ ਦੌਰਾਨ ਇਲਾਕੇ 'ਚ ਪੰਜ ਲੋਕਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੌਤਾਂ ਤੰਤਰ-ਮੰਤਰ ਨਾਲ ਹੋ ਰਹੀਆਂ ਹਨ। ਪਿੰਡ ਵਾਸੀਆਂ ਨੂੰ ਗੋਮਾ, ਸ਼ੇਸ਼ਰਾਓ ਅਤੇ ਪੁੰਨੂੰ 'ਤੇ ਸ਼ੱਕ ਸੀ। ਪੰਚਾਇਤ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਅਚਾਨਕ ਉਹ ਹਿੰਸਕ ਹੋ ਗਏ, ਅਤੇ ਇਸੇ ਦੌਰਾਨ ਭੀੜ ਨੇ ਤਿੰਨਾਂ 'ਤੇ ਹਮਲਾ ਕਰ ਦਿੱਤਾ।” ਪੁਲਿਸ ਦੇ ਉਪ-ਮੰਡਲ ਅਧਿਕਾਰੀ ਨੇ ਕਿਹਾ।
ਗੋਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸ਼ੇਸ਼ਰਾਓ ਅਤੇ ਪੁੰਨੂੰ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ੇਸ਼ਰਾਓ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੇ ਦੋ ਦਰਜਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੰਗਾ-ਫ਼ਸਾਦ ਕਰਨ ਅਤੇ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮਾਹੌਲ ਨਾਜ਼ੁਕ ਹੋਣ ਦੇ ਮੱਦੇਨਜ਼ਰ ਪਿੰਡ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕਰਨਾ ਪਿਆ।