
ਮੁੰਬਈ, ਦਿੱਲੀ, ਬੈਂਗਲੁਰੂ ਅਤੇ ਭੁਵਨੇਸ਼ਵਰ ਤੋਂ ਹੋਵੇਗੀ ਸ਼ੁਰੂਆਤ
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਨੇ 1 ਦਸੰਬਰ ਤੋਂ ਚੋਣਵੇਂ ਸਮੂਹਾਂ ਵਿਚਕਾਰ ਅਤੇ ਚੋਣਵੇਂ ਸਥਾਨਾਂ 'ਤੇ ਡਿਜੀਟਲ ਰੁਪਏ ਦੀ ਪਾਇਲਟ ਸ਼ੁਰੂਆਤ ਦਾ ਐਲਾਨ ਕੀਤਾ ਹੈ।
ਇਹ ਪਾਇਲਟ ਪ੍ਰੋਗਰਾਮ ਸ਼ੁਰੂ ਵਿੱਚ ਚਾਰ ਸ਼ਹਿਰਾਂ, ਮੁੰਬਈ, ਦਿੱਲੀ, ਬੈਂਗਲੁਰੂ ਅਤੇ ਭੁਵਨੇਸ਼ਵਰ ਤੋਂ ਸ਼ੁਰੂ ਕੀਤਾ ਜਾਵੇਗਾ। ਬਾਅਦ 'ਚ ਇਸ ਦਾ ਵਿਸਥਾਰ ਅਹਿਮਦਾਬਾਦ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਦੌਰ, ਕੋਚੀ, ਲਖਨਊ, ਪਟਨਾ ਅਤੇ ਸ਼ਿਮਲਾ ਤੱਕ ਕੀਤਾ ਜਾਵੇਗਾ।
ਪਹਿਲੇ ਪੜਾਅ ਦੀ ਸ਼ੁਰੂਆਤ ਚਾਰ ਬੈਂਕਾਂ-ਐਸਬੀਆਈ, ਆਈਸੀਆਈਸੀਆਈ ਬੈਂਕ, ਯੈੱਸ ਬੈਂਕ ਅਤੇ ਆਈਡੀਐਫਸੀ ਫਸਟ ਬੈਂਕ ਮੁੰਬਈ, ਦਿੱਲੀ, ਬੈਂਗਲੁਰੂ ਅਤੇ ਭੁਵਨੇਸ਼ਵਰ ਨਾਲ ਹੋਵੇਗੀ। ਚਾਰ ਹੋਰ ਬੈਂਕਾਂ - ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ ਇੰਡੀਆ, ਐਚਡੀਐਫਸੀ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ - ਇਸ ਪਾਇਲਟ ਪ੍ਰੋਗਰਾਮ ਵਿੱਚ ਬਾਅਦ ਵਿੱਚ ਸ਼ਾਮਲ ਹੋਣਗੇ।
ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਦੇ ਨਾਂਅ ਤਹਿਤ ਜਾਣਿਆ ਜਾਂਦਾ ਡਿਜੀਟਲ ਰੁਪਿਆ, ਰਿਜ਼ਰਵ ਬੈਂਕ ਵੱਲੋਂ ਜਾਰੀ ਮੁਦਰਾ ਨੋਟਾਂ ਦਾ ਡਿਜੀਟਲ ਰੂਪ ਹੈ ਜੋ ਸੰਪਰਕ ਰਹਿਤ ਲੈਣ-ਦੇਣ ਵਿੱਚ ਵਰਤਿਆ ਜਾ ਸਕਦਾ ਹੈ।
ਡਿਜੀਟਲ ਰੁਪਈਏ ਉਹਨਾਂ ਮੁੱਲਾਂ ਵਿੱਚ ਜਾਰੀ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਮੌਜੂਦਾ ਸਮੇਂ ਵਿੱਚ ਕਾਗਜ਼ੀ ਮੁਦਰਾ ਅਤੇ ਸਿੱਕੇ ਜਾਰੀ ਕੀਤੇ ਜਾਂਦੇ ਹਨ, ਅਤੇ ਬੈਂਕਾਂ ਰਾਹੀਂ ਹੀ ਵੰਡੇ ਜਾਣਗੇ।
ਉਪਭੋਗਤਾ ਭਾਗ ਲੈਣ ਵਾਲੇ ਬੈਂਕਾਂ ਦੁਆਰਾ ਪੇਸ਼ ਕੀਤੇ ਗਏ ਅਤੇ ਮੋਬਾਈਲ ਫੋਨਾਂ ਜਾਂ ਡਿਵਾਈਸਾਂ 'ਤੇ ਸਟੋਰ ਕੀਤੇ ਡਿਜੀਟਲ ਵਾਲੇਟ ਰਾਹੀਂ ਡਿਜੀਟਲ ਰੁਪਏ ਨਾਲ ਲੈਣ-ਦੇਣ ਕਰਨ ਸਕਣਗੇ।
“ਲੈਣ-ਦੇਣ ਵਿਅਕਤੀ ਤੋਂ ਵਿਅਕਤੀ (P2P) ਅਤੇ ਵਿਅਕਤੀ ਤੋਂ ਵਪਾਰੀ (P2M) ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ। ਵਪਾਰੀਆਂ ਨੂੰ ਭੁਗਤਾਨ ਵਪਾਰਕ ਸਥਾਨਾਂ 'ਤੇ ਪ੍ਰਦਰਸ਼ਿਤ QR ਕੋਡਾਂ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ,'' ਰਿਜ਼ਰਵ ਬੈਂਕ ਨੇ ਪ੍ਰੈੱਸ ਨੋਟ ਵਿੱਚ ਕਿਹਾ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਬਜਟ ਪੇਸ਼ ਕਰਦੇ ਹੋਏ ਐਲਾਨ ਕੀਤਾ ਸੀ ਕਿ ਰਿਜ਼ਰਵ ਬੈਂਕ ਜਲਦੀ ਹੀ ਆਪਣੀ ਡਿਜੀਟਲ ਕਰੰਸੀ ਜਾਰੀ ਕਰੇਗਾ। ਇਹ ਭੌਤਿਕ ਨਕਦੀ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਭਰੋਸੇ, ਸੁਰੱਖਿਆ ਅਤੇ ਅੰਤਮਤਾ ਦੀ ਪੇਸ਼ਕਸ਼ ਕਰੇਗਾ। ਇਸ 'ਤੇ ਕੋਈ ਵਿਆਜ ਨਹੀਂ ਮਿਲੇਗਾ ਅਤੇ ਇਸ ਨੂੰ ਬੈਂਕਾਂ ਵਿੱਚ ਜਮ੍ਹਾਂ ਰਕਮਾਂ ਵਾਂਗ ਪੈਸੇ ਦੇ ਹੋਰ ਰੂਪਾਂ ਵਿੱਚ ਬਦਲਿਆ ਜਾ ਸਕਦਾ ਹੈ।