
ਚਾਰੇ ਧੀਆਂ ਅਪਣੀ ਮਾਂ ਦੀ ਲਾਸ਼ ਨੂੰ ਚੁੱਕ ਕੇ ਦੋ ਘੰਟਿਆਂ ਵਿਚ 5 ਕਿਲੋਮੀਟਰ ਦੂਰ ਅਪਣੇ ਘਰ ਪਹੁੰਚੀਆਂ। ਉਹਨਾਂ ਦੇ ਨਾਲ ਇਕ ਛੋਟਾ ਬੱਚਾ ਵੀ ਸੀ।
ਭੋਪਾਲ: ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਸ ਤਸਵੀਰ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਦਰਅਸਲ ਇਕ ਪਰਿਵਾਰ ਨੇ 80 ਸਾਲਾ ਬਜ਼ੁਰਗ ਔਰਤ ਦੀ ਸਿਹਤ ਵਿਗੜਨ 'ਤੇ ਉਸ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਈ। ਜਦੋਂ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਐਂਬੂਲੈਂਸ ਨਾ ਆਈ ਤਾਂ ਬਜ਼ੁਰਗ ਦੀਆਂ ਚਾਰੇ ਧੀਆਂ ਉਹਨਾਂ ਨੂੰ ਬਿਸਤਰੇ ਸਮੇਤ ਚੁੱਕ ਕੇ ਕਮਿਊਨਿਟੀ ਹੈਲਥ ਸੈਂਟਰ ਲੈ ਗਈਆਂ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਤੋਂ ਬਾਅਦ ਵੀ ਉਹਨਾਂ ਦੀਆਂ ਮੁਸੀਬਤਾਂ ਘੱਟ ਨਹੀਂ ਹੋਈਆਂ ਕਿਉਂਕਿ ਧੀਆਂ ਨੂੰ ਬਜ਼ੁਰਗ ਮਾਂ ਦੀ ਲਾਸ਼ ਲਿਜਾਉਣ ਲਈ ਕੋਈ ਵਾਹਨ ਨਹੀਂ ਮਿਲਿਆ, ਜਿਸ ਕਾਰਨ ਚਾਰੇ ਧੀਆਂ ਅਪਣੀ ਮਾਂ ਦੀ ਲਾਸ਼ ਨੂੰ ਚੁੱਕ ਕੇ ਦੋ ਘੰਟਿਆਂ ਵਿਚ 5 ਕਿਲੋਮੀਟਰ ਦੂਰ ਅਪਣੇ ਘਰ ਪਹੁੰਚੀਆਂ। ਉਹਨਾਂ ਦੇ ਨਾਲ ਇਕ ਛੋਟਾ ਬੱਚਾ ਵੀ ਸੀ।
ਇਹ ਘਟਨਾ ਰੀਵਾ ਦੇ ਮਹਿਸੂਆ ਪਿੰਡ ਦੀ ਹੈ। ਇੱਥੇ ਰਹਿਣ ਵਾਲੀ ਮਹਿਲਾ ਮੋਲੀਆ ਕੇਵਤ (80) ਦੀ ਸਿਹਤ ਵਿਗੜਨ 'ਤੇ ਚਾਰੇ ਧੀਆਂ ਉਸ ਨੂੰ ਰਾਏਪੁਰ ਕਰਚੂਲੀਅਨ ਕਮਿਊਨਿਟੀ ਹੈਲਥ ਸੈਂਟਰ ਲੈ ਗਈਆਂ। ਉੱਥੇ ਡਾਕਟਰਾਂ ਨੇ ਉਸ ਦੀ ਨਬਜ਼ ਮਹਿਸੂਸ ਕਰਦੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਰ ਦੇ ਮੈਂਬਰਾਂ ਨੇ ਸੀਐਚਸੀ ਵਿਚ ਡਾਕਟਰਾਂ ਤੋਂ ਪੋਸਟਮਾਰਟਮ ਬਾਰੇ ਪੁੱਛਿਆ ਪਰ ਸਾਰਿਆਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਜ਼ੁਰਗ ਦੀ ਲਾਸ਼ ਨੂੰ ਮੰਜੇ 'ਤੇ ਰੱਖ ਕੇ ਧੀਆਂ ਘਰ ਵੱਲ ਰਵਾਨਾ ਹੋ ਗਈਆਂ। ਮ੍ਰਿਤਕ ਦੀਆਂ 5 ਬੇਟੀਆਂ ਹਨ। ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
A viral video of 4 women carrying dead body of their mother on a cot from a community health centre to their village, around 4 kms away, in the want of vehicle to carry body in Rewa, exposes state of affairs in MP. @NewIndianXpress @TheMornStandard @gsvasu_TNIE @khogensingh1 pic.twitter.com/r7RwzmXgO9
ਦੇਹ ਲੈ ਕੇ ਪਰਤਦੇ ਸਮੇਂ ਉਹਨਾਂ ਦੇ ਰਾਸਤੇ ਵਿਚ ਰਾਏਪੁਰ ਕਰਚੂਲੀਆਂ ਥਾਣਾ ਵੀ ਆਇਆ ਪਰ ਕਿਸੇ ਨੇ ਮਦਦ ਨਹੀਂ ਕੀਤੀ ਅਤੇ ਸਿਸਟਮ ਤਮਾਸ਼ਾ ਬਣ ਕੇ ਰਹਿ ਗਿਆ। ਕੁਝ ਬਾਈਕ ਸਵਾਰਾਂ ਨੇ ਲਾਸ਼ ਨੂੰ ਮੰਜੇ 'ਤੇ ਪਈ ਦੇਖ ਕੇ ਉਹਨਾਂ ਤੋਂ ਜਾਣਕਾਰੀ ਲਈ ਅਤੇ ਵੀਡੀਓ ਬਣਾ ਕੇ ਸਿਸਟਮ ਦੀ ਅਸਲੀਅਤ ਨੂੰ ਵਾਇਰਲ ਕੀਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਏਪੁਰ ਕਰਚੂਲੀਅਨ ਸੀਐਚਸੀ ਵਿਚ ਕੋਈ ਵਾਹਨ ਨਹੀਂ ਹੈ। ਅਜਿਹੇ 'ਚ ਲੋਕ ਜ਼ਿਲਾ ਹੈੱਡਕੁਆਰਟਰ 'ਤੇ ਭਰੋਸਾ ਕਰਦੇ ਹਨ।
ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਨੂੰ ਸਿਰਫ਼ ਰੈੱਡ ਕਰਾਸ ਹੀ ਲਾਸ਼ ਲਈ ਵਾਹਨ ਦਿੰਦਾ ਹੈ। ਬਾਕੀ ਥਾਵਾਂ 'ਤੇ ਲਾਸ਼ ਵਾਹਨਾਂ ਦਾ ਕੋਈ ਪ੍ਰਬੰਧ ਨਹੀਂ ਹੈ। ਮਰੀਜ਼ ਨੂੰ ਸਿਰਫ਼ ਐਂਬੂਲੈਂਸ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੌਤ ਤੋਂ ਬਾਅਦ ਲਾਸ਼ ਨੂੰ ਆਪਣੇ ਪੱਧਰ 'ਤੇ ਲਿਜਾਣਾ ਪੈਂਦਾ ਹੈ।