
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਬੰਗਲੇ ਨੂੰ ਖ਼ਾਲੀ ਕਰ ਦਿੱਤਾ ਹੈ।
ਨਵੀਂ ਦਿੱਲੀ: ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਬੰਗਲੇ ਨੂੰ ਖ਼ਾਲੀ ਕਰ ਦਿੱਤਾ ਹੈ। ਐਸਪੀਜੀ ਸੁਰੱਖਿਆ ਹਟਣ ਤੋਂ ਬਾਅਦ ਉਹਨਾਂ ਨੂੰ ਲੋਧੀ ਅਸਟੇਟ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਹੁਣ ਉਹ ਗੁਰੂਗ੍ਰਾਮ ਵਿਚ ਸ਼ਿਫਟ ਹੋਣਗੇ।
Priyanka Gandhi
ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਗੁਰੂਗ੍ਰਾਮ ਦੇ ਸਭ ਤੋਂ ਪੌਸ਼ ਇਲਾਕੇ ਵਿਚ ਫਲੈਟ ਲਿਆ ਹੈ। ਇਸ ਤੋਂ ਪਹਿਲਾਂ ਇਹ ਵੀ ਖ਼ਬਰਾਂ ਆ ਰਹੀਆਂ ਸੀ ਕਿ ਉਹ ਲਖਨਊ ਵਿਚ ਸ਼ਿਫਟ ਹੋਵੇਗੀ। ਦੱਸ ਦਈਏ ਕਿ ਪ੍ਰਿਯੰਕਾ ਗਾਂਧੀ ਦੀ ਸੁਰੱਖਿਆ ਹਟਣ ਤੋਂ ਬਾਅਦ ਉਹਨਾਂ ਨੂੰ ਲੋਧੀ ਅਸਟੇਟ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਸੀ, ਜਿਸ ਦੀ ਮਿਆਦ 31 ਜੁਲਾਈ ਨੂੰ ਖਤਮ ਹੋ ਰਹੀ ਹੈ।
Priyanka Gandhi
ਹੁਣ ਪ੍ਰਿਯੰਕਾ ਗਾਂਧੀ ਦਾ ਨਵਾਂ ਪਤਾ ਗੁਰੂਗ੍ਰਾਮ ਸਥਿਤ ਆਰਾਲਿਆ ਸੁਸਾਇਟੀ ਹੋਵੇਗਾ। ਇਹ ਸੁਸਾਇਟੀ ਗੁਰੂਗ੍ਰਾਮ ਦੀ ਸਭ ਤੋਂ ਮਹਿੰਗੀ ਸੁਸਾਇਟੀ ਦੱਸੀ ਜਾ ਰਹੀ ਹੈ। ਸਿਰਫ ਇਹੀ ਨਹੀਂ, ਇਸ ਸੁਸਾਇਟੀ ਵਿਚ ਥਰੀ ਲੇਅਰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਐਸਪੀਜੀ ਸੁਰੱਖਿਆ ਦੇ ਮੱਦੇਨਜ਼ਰ 1997 ਤੋਂ ਪ੍ਰਿਯੰਕਾ ਗਾਂਧੀ ਨੂੰ ਨਵੀਂ ਦਿੱਲੀ ਇਲਾਕੇ ਵਿਚ ਲੋਧੀ ਅਸਟੇਟ ਦਾ 35 ਨੰਬਰ ਬੰਗਲਾ ਮਿਲਿਆ ਹੋਇਆ ਸੀ।
Priyanka Gandhi
ਪਿਛਲੇ ਸਾਲ ਉਹਨਾਂ ਦੀ ਐਸਪੀਜੀ ਸੁਰੱਖਿਆ ਹਟਾ ਕੇ Z+ ਕਰ ਦਿੱਤੀ ਗਈ। 1 ਜੁਲਾਈ ਨੂੰ ਕੇਂਦਰ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਉਹਨਾਂ ਨੂੰ 31 ਜੁਲਾਈ ਤੱਕ ਯਾਨੀ ਇਕ ਮਹੀਨੇ ਵਿਚ ਸਰਕਾਰੀ ਘਰ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ। ਦੇਸ਼ ਵਿਚ ਹੁਣ ਐਸਪੀਜੀ ਸੁਰੱਖਿਆ ਸਿਰਫ ਪ੍ਰਧਾਨ ਮੰਤਰੀ ਕੋਲ ਹੈ।
Priyanka Gandhi
ਪ੍ਰਿਯੰਕਾ ਗਾਂਧੀ ਤੋਂ ਬਾਅਦ ਇਸ ਬੰਗਲੇ ਨੂੰ ਭਾਜਪਾ ਦੇ ਰਾਜ ਸਭਾ ਸੰਸਦ ਅਨਿਲ ਬਲੂਨੀ ਨੂੰ ਦਿੱਤਾ ਗਿਆ ਹੈ। ਅਨਿਲ ਬਲੂਨੀ ਨੂੰ ਬੰਗਲਾ ਦਿੱਤੇ ਜਾਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਉਹਨਾਂ ਨੂੰ ਪਰਿਵਾਰ ਸਮੇਤ ਚਾਹ ‘ਤੇ ਸੱਦਾ ਦਿੱਤਾ ਸੀ। ਹਾਲਾਂਕਿ ਬਲੂਨੀ ਨੇ ਅਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਆਉਣ ਤੋਂ ਮਨਾਂ ਕਰ ਦਿੱਤਾ ਸੀ।