
ਸਾਊਦੀ ਅਰਬ ਦੇ ਰਾਜਦੂਤ ਡਾ. ਸਾਊਦ ਬਿਨ ਮੁਹੰਮਦ ਅਲ ਸਾਤੀ ਨੇ ਕਿਹਾ ਕਿ ਭਾਰਤ ਇਕ...
ਨਵੀਂ ਦਿੱਲੀ: ਸਾਊਦੀ ਅਰਬ ਦੇ ਰਾਜਦੂਤ ਡਾ. ਸਾਊਦ ਬਿਨ ਮੁਹੰਮਦ ਅਲ ਸਾਤੀ ਨੇ ਕਿਹਾ ਕਿ ਭਾਰਤ ਇਕ ਆਕਰਸ਼ਕ ਨਿਵੇਸ਼ ਸਥਾਨ ਹੈ ਅਤੇ ਸਾਊਦੀ ਅਰਬ ਈਂਧਨ, ਰਿਫਾਈਨਿੰਗ, ਪੈਟਰੋ ਰਾਸਾਇਣ, ਬੁਨਿਆਦੀ ਢਾਂਚਾ, ਖੇਤੀਬਾੜੀ, ਖਣਿਜ ਅਤੇ ਮਾਈਨਿੰਗ ਵਰਗੇ ਖੇਤਰਾਂ ’ਚ 100 ਅਰਬ ਡਾਲਰ ਨਿਵੇਸ਼ ਕਰਨ ਦੇ ਮੌਕਿਆਂ ’ਤੇ ਗੌਰ ਕਰ ਰਿਹਾ ਹੈ।
ਸਾਊਦੀ ਅਰਬ ਭਾਰਤ ਦੇ ਆਰਥਿਕ ਵਾਧੇ ਦੀਆਂ ਸੰਭਾਵਨਾਵਾਂ ਨੂੰ ਵੇਖਦਿਆਂ ਦੇਸ਼ ਦੇ ਪੈਟਰੋ ਰਸਾਇਣ, ਬੁਨਿਆਦੀ ਢਾਂਚੇ ਅਤੇ ਮਾਈਨਿੰਗ ਸਮੇਤ ਹੋਰ ਖੇਤਰਾਂ ਵਿਚ 100 ਅਰਬ ਡਾਲਰ ਨਿਵੇਸ਼ ਕਰਨ ਦੀਆਂ ਸੰਭਾਵਨਾਵਾਂ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਤੇਲ ਸਪਲਾਈ, ਪ੍ਰਚੂਨ ਈਂਧਨ ਵਿਕਰੀ, ਪੈਟਰੋਕੈਮੀਕਲ ਅਤੇ ਲੁਬਰੀਕੈਂਟ ਬਾਜ਼ਾਰ ’ਚ ਅਰਾਮਕੋ ਦੀ ਨਿਵੇਸ਼ ਦੀ ਯੋਜਨਾ ਇਨ੍ਹਾਂ ਖੇਤਰਾਂ ’ਚ ਕੰਪਨੀ ਦੇ ਕੌਮਾਂਤਰੀ ਵਿਸਤਾਰ ਦੀ ਰਣਨੀਤੀ ਦਾ ਹਿੱਸਾ ਹੈ।
ਸਾਊਦੀ ਅਰਬ ਵਿਜ਼ਨ 2030 ਦੇ ਤਹਿਤ ਪੈਟਰੋਲੀਅਮ ਉਤਪਾਦਾਂ ’ਤੇ ਆਰਥਿਕ ਨਿਰਭਰਤਾ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਸਾਊਦੀ ਅਰਬ ਤੋਂ ਆਪਣੀ ਜ਼ਰੂਰਤ ਦਾ 17 ਫੀਸਦੀ ਕੱਚਾ ਤੇਲ ਅਤੇ 32 ਫੀਸਦੀ ਐੱਲ. ਪੀ. ਜੀ. ਖਰੀਦਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਵਲੋਂ ਸਾਊਦੀ ਅਰਬ ਨੂੰ ਰਣਨੀਤਕ ਪੈਟਰੋਲੀਅਮ ਭੰਡਾਰ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਾਣਾ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਭਰੋਸੇ ਦਾ ਸਬੂਤ ਹੈ।’’