ਕਿਹਾ ਕਿ ਧਰਨੇ ਵਿੱਚ ਮੌਜੂਦ ਕਿਸਾਨਾਂ ਨੂੰ ਗੁੰਡਿਆਂ ਨੇ ਪਸ਼ੂਆਂ ਦੀ ਤਰ੍ਹਾਂ ਲਾਠੀਆਂ ਨਾਲ ਕੁੱਟਿਆ ।
ਨਵੀਂ ਦਿੱਲੀ,(ਗੁਰਪ੍ਰੀਤ ਸਿੰਘ ): ਦਿੱਲੀ ਸਿੰਘੂ ਬਾਰਡਰ ‘ਤੇ ਪਹੁੰਚੀ ਬੀਬੀ ਨੇ ਮੋਦੀ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਮਾਰ ਕੇ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਜੋ ਦੇਸ਼ ਦੇ ਕਿਸਾਨ ਸਰਕਾਰ ਖ਼ਿਲਾਫ਼ ਸੰਘਰਸ਼ ਨਾ ਕਰ ਸਕਣ । ਸੰਘਰਸ਼ਸ਼ੀਲ ਬੀਬੀ ਨੇ ਸਪੋਪਕਸਮੈਨ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਦੱਸਿਆ ਕਿ ਸਿੰਘੂ ਬਾਰਡਰ ਉਤੇ ਜਦੋਂ ਆਰ ਐੱਸ ਐੱਸ ਦੇ ਗੁੰਡਿਆਂ ਨੇ ਹਮਲਾ ਕੀਤਾ ਤਾਂ ਮੈਂ ਉਸ ਵਕਤ ਉੱਥੇ ਮੌਜੂਦ ਸੀ । ਉਨ੍ਹਾਂ ਕਿਹਾ ਕਿ ਧਰਨੇ ਵਿੱਚ ਮੌਜੂਦ ਕਿਸਾਨਾਂ ਨੂੰ ਗੁੰਡਿਆਂ ਨੇ ਪਸ਼ੂਆਂ ਦੀ ਤਰ੍ਹਾਂ ਲਾਠੀਆਂ ਨਾਲ ਕੁੱਟਿਆ । ਜਦੋਂ ਦੰਗਾਕਾਰੀ ਪ੍ਰਦਰਸ਼ਨਕਾਰੀਆਂ ਨੂੰ ਕੁੱਟ ਰਹੇ ਸਨ ਤਾਂ ਪੁਲਸ ਖੜ੍ਹੀ ਤਮਾਸ਼ਾ ਦੇਖ ਰਹੀ ਸੀ ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ‘ਤੇ ਜਿੰਨਾ ਮਰਜ਼ੀ ਤਸ਼ੱਦਦ ਕਰ ਲਵੇ ,ਇਹ ਕਿਸਾਨੀ ਅੰਦੋਲਨ ਖਤਮ ਨਹੀਂ ਹੋਵੇਗਾ, ਦੇਸ਼ ਦੇ ਕਿਸਾਨ ਆਪਣੇ ਹੱਕ ਲੈ ਕੇ ਹੀ ਵਾਪਸ ਮੁੜਨਗੇ । ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਉੱਤੇ ਕੀਤਾ ਗਿਆ ਹਮਲਾ ਕੇਂਦਰ ਸਰਕਾਰ ਅਤੇ ਦਿੱਲੀ ਪੁਲੀਸ ਦੀ ਮਿਲੀਭੁਗਤ ਸੀ , ਇਸੇ ਕਰਕੇ ਦਿੱਲੀ ਪੁਲੀਸ ਦੰਗਾਕਾਰੀਆਂ ਨੂੰ ਹਟਾਉਣ ਦੀ ਬਜਾਏ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਦੇ ਹੰਝੂ ਹੰਝੂਆਂ ਨੇ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੇ ਖ਼ਿਲਾਫ਼ ਗੁੱਸੇ ਦੀ ਹਨੇਰੀ ਲਿਆ ਦਿੱਤੀ ਹੈ , ਹੁਣ ਦੇਸ਼ ਦਾ ਹਰ ਵਰਗ ਕੇਂਦਰ ਸਰਕਾਰ ਦੀਆਂ ਫ਼ਿਰਕੂ ਚਾਲਾਂ ਨੂੰ ਸਮਝ ਚੁੱਕਿਆ ਹੈ , ਜਿਸ ਦੇ ਖ਼ਿਲਾਫ਼ ਦੇਸ਼ ਦੇ ਲੋਕ ਇਕਜੁੱਟ ਹੋ ਚੁੱਕੇ ਹਨ , ਸੰਘਰਸ਼ ਹੋਰ ਵੀ ਮਜ਼ਬੂਤ ਹੋ ਗਿਆ ਹੈ । ਸੰਘਰਸ਼ਸ਼ੀਲ ਬੀਬੀ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਉਸ ਵਕਤ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤਕ ਕਿਸਾਨਾਂ ਦੀ ਖ਼ਿਲਾਫ਼ ਬਣਾਏ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ , ਉਨ੍ਹਾਂ ਕਿਹਾ ਕਿ ਲੋਕ ਹੁਣ ਉਸ ਵਕਤ ਹੀ ਵਾਪਸ ਮੁੜਨਗੇ ਜਦੋਂ ਕਾਨੂੰਨ ਰੱਦ ਹੋਣਗੇ ਨਹੀਂ ਤਾਂ ਇੱਥੋਂ ਲੋਕਾਂ ਦੀਆਂ ਲਾਸ਼ਾਂ ਹੀ ਜਾਣਗੀਆਂ ।