
ਰਾਕੇਸ਼ ਟਿਕੈਤ ਦੇ ਦਿਲ ‘ਚੋਂ ਨਿਕਲੀ ਹਾਅ ਹਰੇਕ ਕਿਸਾਨ ਦੇ ਦਿਲ ਤੱਕ ਪਹੁੰਚੀ- ਰਵਿੰਦਰ ਗਰੇਵਾਲ
ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਕਿਸਾਨੀ ਮੋਰਚੇ ਵਿਚ ਜੋਸ਼ ਭਰਨ ਵਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਕਈ ਭਾਈਚਾਰਿਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਪੰਜਾਬੀ ਸਿਤਾਰੇ ਵੀ ਉਹਨਾਂ ਨੂੰ ਸਲਾਮ ਕਰਨ ਗਾਜ਼ੀਪੁਰ ਬਾਰਡਰ ਪਹੁੰਚ ਰਹੇ ਹਨ। ਬੀਤੇ ਦਿਨ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਵੀ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ।
Ravinder Grewal at Ghazipur Border
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਰਵਿੰਦਰ ਗਰੇਵਾਲ ਨੇ ਕਿਹਾ ਕਿ ਬੀਤੇ ਦਿਨੀਂ ਕਿਸਾਨੀ ਸੰਘਰਸ਼ ਲਈ ਰਾਕੇਸ਼ ਟਿਕੈਤ ਦੇ ਦਿਲ ‘ਚੋਂ ਨਿਕਲੀ ਹਾਅ ਹਰੇਕ ਕਿਸਾਨ ਜਾਂ ਕਿਸਾਨੀ ਨੂੰ ਪਿਆਰ ਕਰਨ ਵਾਲੇ ਦੇ ਦਿਲ ਤੱਕ ਪਹੁੰਚੀ ਹੈ। ਇਹੀ ਕਾਰਨ ਹੈ ਕਿ ਲੋਕ ਰਾਤੋ-ਰਾਤ ਹੋਰ ਜੋਸ਼ ਨਾਲ ਬਾਰਡਰ ‘ਤੇ ਪਹੁੰਚੇ। ਰਵਿੰਦਰ ਗਰੇਵਾਲ ਨੇ ਕਿਹਾ ਕਿ ਅੱਜ ਮੋਰਚਾ ਰਾਕੇਸ਼ ਟਿਕੈਤ ਦੇ ਮੋਢਿਆਂ ‘ਤੇ ਹੀ ਖੜ੍ਹਾ ਹੈ। ਇਸ ਲ਼ਈ ਉਹ ਉਹਨਾਂ ਨੂੰ ਸਨਮਾਨ ਦੇਣ ਪਹੁੰਚੇ ਹਨ।
Ravinder Grewal
ਗਾਇਕ ਨੇ ਕਿਹਾ ਕਿ ਜੋ ਸਟੈਂਡ ਰਾਕੇਸ਼ ਟਿਕੈਤ ਨੇ ਲਿਆ, ਉਸ ਤੋਂ ਬਾਅਦ ਉਹਨਾਂ ਦਾ ਨਾਂਅ ਸੁਨਹਿਰੇ ਅੱਖਾਂ ਵਿਚ ਲਿਖਿਆ ਜਾਵੇਗਾ ਤੇ ਇਹ ਨਾਂਅ ਪੰਜਾਬੀਆਂ ਦੇ ਦਿਲਾਂ ਵਿਚੋਂ ਕਦੀ ਨਹੀਂ ਮਿਟੇਗਾ। ਰਵਿੰਦਰ ਗਰੇਵਾਲ ਨੇ ਕਿਹਾ ਕਿ ਮਾਨਵਤਾ ਤੋਂ ਵੱਡਾ ਕੋਈ ਧਰਮ ਨਹੀਂ। ਇਸ ਮੋਰਚੇ ਨੇ ਜੋ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ, ਉਸ ਨੂੰ ਕਿਸੇ ਵੀ ਹਾਲਤ ‘ਚ ਟੁੱਟਣ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਸਰਕਾਰ ਨੇ ਹਮੇਸ਼ਾਂ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ।
Ravinder Grewal at Ghazipur Border
26 ਜਨਵਰੀ ਦੀ ਘਟਨਾ ਬਾਰੇ ਗੱਲ ਕਰਦਿਆਂ ਰਵਿੰਦਰ ਗਰੇਵਾਲ ਨੇ ਕਿਹਾ ਕਿ ਉਹ 26 ਤਰੀਕ ਤੋਂ ਬਾਅਦ ਦੋ ਦਿਨ ਬਹੁਤ ਉਦਾਸ ਰਹੇ। ਪਰ ਰਾਕੇਸ਼ ਟਿਕੈਤ ਦੀ ਵੀਡੀਓ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਹੌਂਸਲਾ ਮਿਲਿਆ ਹੈ। ਅਸੀਂ ਹੁਣ ਸਰਕਾਰ ਦੀ ਸਾਜ਼ਿਸ਼ ਵਿਚੋਂ ਨਿਕਲ ਚੁੱਕੇ ਹਾਂ ਤੇ ਹੁਣ ਸੰਘਰਸ਼ ਹੋਰ ਤਿੱਖਾ ਹੋਵੇਗਾ।
Rakesh Tikait
ਰਵਿੰਦਰ ਗਰੇਵਾਲ ਦਾ ਕਹਿਣਾ ਹੈ ਕਿ ਇਹ ਮੋਰਚੇ ਸਿਰਫ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਨਹੀਂ ਹੈ। ਸਰਕਾਰ ਦੀਆਂ ਨੀਤੀਆਂ ਪਹਿਲਾਂ ਤੋਂ ਹੀ ਕਿਸਾਨਾਂ ਲਈ ਫਾਇਦੇਮੰਦ ਨਹੀਂ ਸੀ, ਲੋਕ ਪਹਿਲਾਂ ਤੋਂ ਹੀ ਦੁਖੀ ਸਨ। ਗਾਇਕ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਤੁਹਾਨੂੰ ਤਖ਼ਤ ‘ਤੇ ਬਿਠਾਇਆ ਹੈ। ਇਸ ਲਈ ਉਹਨਾਂ ਦੀਆਂ ਮੰਗਾਂ ਮੰਨ ਕੇ ਕਾਨੂੰਨ ਰੱਦ ਕੀਤੇ ਜਾਣ। ਇਸ ਦੌਰਾਨ ਗਾਇਕ ਨੇ ਅਪਣਾ ਨਵਾਂ ਗੀਤ ‘ਮੋਰਚੇ ‘ਚ ਜਾਨ ਪਾ ਗਏ ਅੱਥਰੂ ਟਿਕੈਤ ਦੇ’ ਦੇ ਬੋਲ ਵੀ ਸਾਂਝੇ ਕੀਤੇ।