
ਮਰੀਜ਼ ਨੂੰ ਪੈਨਕ੍ਰੀਆਸ ਇੱਕ ਮ੍ਰਿਤਕ ਵਿਅਕਤੀ ਤੋਂ ਮਿਲਿਆ, ਜਦ ਕਿ ਗੁਰਦਾ ਮਰੀਜ਼ ਦੀ ਭੈਣ ਨੇ ਦਾਨ ਕੀਤਾ
ਚੰਡੀਗੜ੍ਹ - ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.) ਚੰਡੀਗੜ੍ਹ ਵਿੱਚ ਪਹਿਲੀ ਵਾਰ ਆਪਣੀ ਕਿਸਮ ਦੇ ਵਿਲੱਖਣ ਅਤੇ ਗੁੰਝਲਦਾਰ ਆਪ੍ਰੇਸ਼ਨ ਵਿੱਚ ਇੱਕ ਮਰੀਜ਼ ਵਿੱਚ ਪੈਨਕ੍ਰੀਆਸ ਅਤੇ ਗੁਰਦੇ ਦਾ ਇੱਕੋ ਸਮੇਂ ਟਰਾਂਸਪਲਾਂਟ ਕੀਤਾ ਗਿਆ।
ਮਰੀਜ਼ ਨੂੰ ਪੈਨਕ੍ਰੀਆਸ ਇੱਕ ਮ੍ਰਿਤਕ ਵਿਅਕਤੀ ਤੋਂ ਮਿਲਿਆ, ਜਦ ਕਿ ਗੁਰਦਾ ਉਸ ਦੀ (ਮਰੀਜ਼ ਦੀ) ਭੈਣ ਦੁਆਰਾ ਦਾਨ ਕੀਤਾ ਗਿਆ ਸੀ।
ਪੀਜੀਆਈ ਨੇ ਸੋਮਵਾਰ ਨੂੰ ਕਿਹਾ ਕਿ 21 ਸਾਲਾ ਕੁੰਦਨ ਬੈਥਾ (ਮ੍ਰਿਤਕ) ਦੇ ਪਰਿਵਾਰ ਦੇ ਇਸ ਸ਼ਲਾਘਾਯੋਗ ਕਦਮ ਨਾਲ ਚਾਰ ਜਾਨਾਂ ਬਚ ਗਈਆਂ।
ਸੰਸਥਾ ਨੇ ਕਿਹਾ, "ਇੱਕ ਹੋਰ ਪ੍ਰਾਪਤੀ ਹਾਸਲ ਕਰਦੇ ਹੋਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਪਹਿਲੀ ਵਾਰ ਇੱਕੋ ਸਮੇਂ ਪੈਨਕ੍ਰੀਆਸ ਅਤੇ ਕਿਡਨੀ ਟਰਾਂਸਪਲਾਂਟ ਕੀਤੇ, ਜਿਸ 'ਚ ਪੈਨਕ੍ਰੀਆਸ ਇੱਕ ਮ੍ਰਿਤਕ ਦਾਨੀ ਤੋਂ ਪ੍ਰਾਪਤ ਕੀਤਾ ਗਿਆ, ਜਦੋਂ ਕਿ ਗੁਰਦਾ ਮਰੀਜ਼ ਦੀ ਭੈਣ ਨੇ ਦਾਨ ਕੀਤਾ ਸੀ।"
ਬਿਆਨ ਮੁਤਾਬਕ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਕੁੰਦਨ ਬੈਥਾ 22 ਜਨਵਰੀ ਨੂੰ ਕਿਸੇ ਕੰਮ ਲਈ ਬਾਹਰ ਗਿਆ ਸੀ, ਜਦੋਂ ਉਸ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਉਹ ਸੜਕ 'ਤੇ ਡਿੱਗ ਗਿਆ। ਹਾਦਸੇ 'ਚ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ।
ਕੁੰਦਨ ਨੂੰ 23 ਜਨਵਰੀ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਲਿਆਂਦਾ ਗਿਆ ਸੀ। ਹਾਲਾਂਕਿ, 29 ਜਨਵਰੀ ਨੂੰ, ਪੀਜੀਆਈਐਮਈਆਰ ਦੀ ਸਰਟੀਫਿਕੇਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਉਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਬਿਆਨ 'ਚ ਕਿਹਾ ਗਿਆ ਹੈ, ''ਪਰ ਦੁੱਖ ਦੀ ਇਸ ਘੜੀ 'ਚ ਉਸ ਦੇ ਪਿਤਾ ਨਰਸਿੰਘ ਬੈਥਾ ਨੇ ਅਸਾਧਾਰਨ ਹਿੰਮਤ ਦਿਖਾਉਂਦੇ ਹੋਏ ਆਪਣੇ ਮ੍ਰਿਤਕ ਪੁੱਤਰ ਦੇ ਅੰਗ ਦਾਨ ਕਰਨ ਲਈ ਸਹਿਮਤੀ ਦਿੱਤੀ।"
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਕੁੰਦਨ ਦਾ ਦਿਲ, ਜਿਗਰ, ਗੁਰਦਾ ਅਤੇ ਪੈਨਕ੍ਰੀਆਸ ਟਰਾਂਸਪਲਾਂਟ ਲਈ ਬਾਹਰ ਕੱਢੇ ਗਏ।
ਇੱਕੋ ਸਮੇਂ ਕੀਤੇ ਗਏ ਪੈਨਕ੍ਰੀਆਸ ਅਤੇ ਕਿਡਨੀ ਟਰਾਂਸਪਲਾਂਟ ਬਾਰੇ ਨੈਫ਼ਰੋਲੋਜੀ ਵਿਭਾਗ ਦੇ ਚੇਅਰਮੈਨ ਪ੍ਰੋ. ਐਚ.ਐਸ. ਕੋਹਲੀ ਨੇ ਕਿਹਾ ਕਿ ਇੱਕੋ ਸਮੇਂ ਦੋ ਅੰਗਾਂ ਨੂੰ ਟਰਾਂਸਪਲਾਂਟ ਕਰਨਾ ਇੱਕ ਵੱਡੀ ਚੁਣੌਤੀ ਸੀ।
"ਟੀਮ ਨੇ ਅਣਥੱਕ ਮਿਹਨਤ ਕੀਤੀ ਅਤੇ ਅੰਤ ਵਿੱਚ ਇਸ ਨੂੰ ਸਫ਼ਲ ਬਣਾਇਆ," ਉਨ੍ਹਾਂ ਅੱਗੇ ਕਿਹਾ।
ਰੇਨਲ ਟਰਾਂਸਪਲਾਂਟ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਜਿਸ ਵਿਅਕਤੀ ਵਿੱਚ ਇਹ ਅੰਗ ਟਰਾਂਸਪਲਾਂਟ ਕੀਤੇ ਗਏ ਸਨ, ਉਹ ਪਿਛਲੇ 21 ਸਾਲਾਂ ਤੋਂ ‘ਟਾਈਪ 1’ ਸ਼ੂਗਰ ਤੋਂ ਪੀੜਤ ਸੀ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਭੈਣ ਆਪਣਾ ਗੁਰਦਾ ਦਾਨ ਕਰਨ ਲਈ ਤਿਆਰ ਸੀ, ਪਰ ਉਹ ਆਪਣਾ ਪੈਨਕ੍ਰੀਆਸ ਨਹੀਂ ਦੇ ਸਕਦੀ ਸੀ।
ਇਹ ਆਪ੍ਰੇਸ਼ਨ ਲਗਭਗ 12 ਘੰਟੇ ਚੱਲਿਆ ਅਤੇ ਇਸ ਵਿਚ ਵੱਖ-ਵੱਖ ਵਿਭਾਗਾਂ ਦੇ ਲਗਭਗ 30 ਮੈਡੀਕਲ ਕਰਮਚਾਰੀਆਂ ਨੇ ਹਿੱਸਾ ਲਿਆ। ਸੰਯੁਕਤ ਟਰਾਂਸਪਲਾਂਟ ਆਪਰੇਸ਼ਨ ਬਿਨਾਂ ਕਿਸੇ ਪੇਚੀਦਗੀ ਦੇ ਸਫ਼ਲ ਰਿਹਾ।
ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਅੰਗ ਦਾਨ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੁੰਦਨ ਬੈਥਾ ਵਰਗੇ ਅੰਗ ਦਾਨ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਇਕ ਵੱਖਰੀ ਤਰ੍ਹਾਂ ਦਾ ਸਨਮਾਨ ਮਿਲਦਾ ਹੈ।"