
ਫਰਵਰੀ ’ਚ ਠੰਢ ਘਟਣ ਅਤੇ ਮੀਂਹ ਵਧਣ ਦੀ ਭਵਿੱਖਬਾਣੀ
Weather Update: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸੋਮਵਾਰ ਨੂੰ ਕਿਹਾ ਕਿ ਉੱਤਰ ਭਾਰਤ ’ਚ ਦਸੰਬਰ ਅਤੇ ਜਨਵਰੀ ਦੌਰਾਨ ਬੇਹੱਦ ਖੁਸ਼ਕ ਮੌਸਮ ਤੋਂ ਬਾਅਦ ਫਰਵਰੀ ’ਚ ਆਮ ਅਤੇ ਆਮ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਆਈ.ਐਮ.ਡੀ. ਦੇ ਡਾਇਰੈਕਟਰ ਜਨਰਲ ਮਰਿਤਊਂਜੈ ਮਹਾਪਾਤਰਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ’ਚ ਫਰਵਰੀ ’ਚ ‘ਆਮ ਤੋਂ ਵੱਧ’ ਮੀਂਹ ਪੈਣ ਹੋਣ ਦੀ ਸੰਭਾਵਨਾ ਹੈ। ਆਈ.ਐਮ.ਡੀ. ਨੇ ਕਿਹਾ ਕਿ ਉੱਤਰ-ਪਛਮੀ ਭਾਰਤ ’ਚ ਜਨਵਰੀ 2024 ਦੌਰਾਨ 3.1 ਮਿਲੀਮੀਟਰ ਮੀਂਹ ਪਿਆ ਜੋ 1901 ਤੋਂ ਬਾਅਦ ਸੱਭ ਤੋਂ ਘੱਟ ਮੀਂਹ ਸੀ। ਉੱਤਰੀ ਭਾਰਤ, ਜਿਸ ’ਚ ਸੱਤ ਮੌਸਮ ਵਿਭਾਗ ਸਬ-ਡਵੀਜ਼ਨ ਸ਼ਾਮਲ ਹਨ, ’ਚ ਫਰਵਰੀ ਦੌਰਾਨ ‘ਆਮ ਤੋਂ ਵੱਧ’ ਮੀਂਹ (ਲੰਮੀ ਮਿਆਦ ਦੇ ਔਸਤ ਤੋਂ 122 ਫ਼ੀ ਸਦੀ ਵੱਧ) ਹੋਣ ਦੀ ਸੰਭਾਵਨਾ ਹੈ।
ਮਹਾਪਾਤਰਾ ਨੇ ਕਿਹਾ, ‘‘ਪੂਰੇ ਦੇਸ਼ ’ਚ ਫਰਵਰੀ ’ਚ ਆਮ ਤੋਂ ਵੱਧ ਮੀਂਹ (ਲੰਮੀ ਮਿਆਦ ਦੇ ਔਸਤ ਤੋਂ 119 ਫੀ ਸਦੀ ਵੱਧ) ਹੋਣ ਦੀ ਸੰਭਾਵਨਾ ਹੈ।’’ ਮੌਸਮ ਵਿਭਾਗ ਅਨੁਸਾਰ, ਉੱਤਰ-ਪੂਰਬੀ, ਮੱਧ ਅਤੇ ਉੱਤਰ-ਪਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਮੀਂਹ ਆਮ ਨਾਲੋਂ ਵੱਧ ਅਤੇ ਦਖਣੀ ਪ੍ਰਾਇਦੀਪ ’ਚ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਆਈ.ਐਮ.ਡੀ. ਨੇ ਫਰਵਰੀ ’ਚ ਉੱਤਰ-ਪਛਮੀ, ਪਛਮੀ ਮੱਧ, ਉੱਤਰ-ਪੂਰਬ ਅਤੇ ਪੂਰਬੀ-ਮੱਧ ਭਾਰਤ ਦੇ ਕੁੱਝ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਹੋਣ ਦੀ ਭਵਿੱਖਬਾਣੀ ਕੀਤੀ ਹੈ। ਆਈ.ਐਮ.ਡੀ. ਨੇ ਕਿਹਾ ਕਿ ਪ੍ਰਾਇਦੀਪ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਪੂਰਬੀ-ਮੱਧ ਭਾਰਤ ਦੇ ਕੁੱਝ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਮੱਧ ਭਾਰਤ ਦੇ ਕੁੱਝ ਹਿੱਸਿਆਂ ’ਚ ਫਰਵਰੀ ’ਚ ਆਮ ਨਾਲੋਂ ਘੱਟ ਠੰਢ ਪੈਣ ਦੀ ਸੰਭਾਵਨਾ ਹੈ। ਮਹਾਪਾਤਰਾ ਨੇ ਕਿਹਾ ਕਿ ਜ਼ਿਆਦਾਤਰ ਮਾਡਲ ਜੁਲਾਈ-ਸਤੰਬਰ ਦੇ ਆਸ ਪਾਸ ਲਾ ਨੀਨਾ ਸਥਿਤੀਆਂ ਦਾ ਸੰਕੇਤ ਦਿੰਦੇ ਹਨ, ਜੋ ਭਾਰਤੀ ਦੱਖਣ-ਪਛਮੀ ਮਾਨਸੂਨ ਲਈ ਅਨੁਕੂਲ ਮੰਨੇ ਜਾਂਦੇ ਹਨ।
(For more Punjabi news apart from Normal to above-normal rainfall likely in northwest India in Feb: IMD stay tuned to Rozana Spokesman)