
ਇਕ ਸਮੇਂ ਸ਼ਾਮਲ ਹੋਣਗੇ ਵੱਧ ਤੋਂ ਵੱਧ 40 ਵਾਹਨ
ਨਵੀਂ ਦਿੱਲੀ: ਕਸ਼ਮੀਰ ਵਿਚ ਆਰਪੀਐਫ਼ ਦੇ ਕਾਫ਼ਲੇ ਦੀ ਅਗਵਾਈ ਐਸਪੀ ਰੈਂਕ ਦਾ ਇਕ ਅਧਿਕਾਰੀ ਕਰੇਗਾ ਤੇ ਕਾਫ਼ਲੇ ਵਿਚ ਇਕ ਸਮੇਂ ਵੱਧ ਤੋਂ ਵੱਧ 40 ਵਾਹਨ ਸ਼ਾਮਲ ਹੋਣਗੇ। ਕਸ਼ਮੀਰ ਤੋਂ ਆਉਣ ਤੇ ਜਾਣ ਵਾਲੇ ਸੀਆਰਪੀਐਫ਼ ਦੇ ਕਾਫ਼ਲੇ ਦੀ ਕਮਾਨ ਹੁਣ ਐਸਪੀ ਰੈਂਕ ਦੇ ਇਕ ਅਧਿਕਾਰੀ ਕੋਲ ਹੋਵੇਗੀ ਤੇ ਕਿਸੇ ਵੀ ਸਮੇਂ ਕਿਸੇ ਵੀ ਕਾਫ਼ਲੇ ਵਿਚ 40 ਤੋਂ ਜ਼ਿਆਦਾ ਵਾਹਨ ਨਹੀਂ ਹੋਣਗੇ। ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਨੀਮ ਫ਼ੌਜੀ ਬਲਾਂ ਨੂੰ ਇਹ ਹੁਕਮ ਦਿਤਾ ਗਿਆ ਹੈ।
14 ਫ਼ਰਵਰੀ ਨੂੰ ਆਰਪੀਐਫ਼ ਦੇ ਕਾਫ਼ਲੇ 'ਤੇ ਹੋਏ ਹਮਲੇ ਵਿਚ ਲਗਭਗ 40 ਜਵਾਨ ਸ਼ਹੀਦ ਹੋ ਗਏ ਸਨ। ਸੀਆਰਪੀਐਫ਼ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਤੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਕਾਫ਼ਲੇ ਵਿਚ ਸ਼ਾਮਲ ਹਰ ਵਾਹਨ ਨੂੰ ਸਖ਼ਤੀ ਨਾਲ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ
ਕਿ ਅਤਿਵਾਦੀ ਗਤੀਵਿਧੀਆਂ ਤੇ ਆਈਈਡੀ ਖ਼ਤਰਿਆਂ ਕਾਰਨ ਕਸ਼ਮੀਰ ਤੋਂ ਆਉਣ ਤੇ ਜਾਣ ਵਾਲੇ ਕਾਫ਼ਲੇ ਦੀ ਅਗਵਾਈ ਇਸ ਦੇ ਪ੍ਰਬੰਧਨ ਦੀ ਬਿਹਤਰੀ ਤੇ ਰਣਨੀਤੀ ਰੱਖਣ ਵਾਲੇ ਇਕ ਤਜਰਬੇਕਾਰ ਤੇ ਸੀਨੀਅਰ ਅਧਿਕਾਰੀ ਵਲੋਂ ਕੀਤੀ ਜਾਵੇ। ਸੂਤਰਾਂ ਨੇ ਦਸਿਆ ਕਿ ਨਵਾਂ ਕਾਫ਼ਲਾ ਕਮਾਂਡਰ ਹੁਣ ਸਿੱਧੀ ਰਿਪੋਰਟ ਕਰੇਗਾ। ਕਾਫ਼ਲੇ ਵਿਚ ਵਾਹਨਾਂ ਦੀ ਗਿਣਤੀ ਘੱਟ ਰੱਖੇ ਜਾਣ ਦੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।