
ਮੋਦੀ ਨੂੰ ਗੱਲਾਂ ਦਾ ਕੜਾਹ ਬਣਾਉਣਾ ਜ਼ਿਆਦਾ ਪਸੰਦ
ਨਵੀਂ ਦਿੱਲੀ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੋਣਾਂ ਵਿਚ ਜਨਤਾ ਨਾਲ ਜੁੜੇ ਮੁੱਦਿਆਂ ਤੋਂ ਭੱਜਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਨੂੰ ਵੋਟ ਮੰਗਣ ਤੋਂ ਪਹਿਲਾਂ 'ਵਾਅਦਾਖ਼ਿਲਾਫ਼ੀ' ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਪਾਰਟੀ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਇਹ ਵੀ ਦਾਅਵਾ ਕੀਤਾ ਕਿ 'ਵਿਵਾਦਤ' ਪ੍ਰਧਾਨ ਮੰਤਰੀ ਜਵਾਨਾਂ ਦੀ ਸ਼ਹਾਦਤ ਦਾ ਰਾਜਨੀਤੀਕਰਨ ਕਰ ਰਹੇ ਹਨ ਅਤੇ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਂਗਰਸ ਉਨ੍ਹਾਂ ਨੂੰ ਅਸਲ ਮੁੱਦਿਆਂ ਤੋਂ ਭੱਜਣ ਨਹੀਂ ਦੇਵੇਗੀ।
ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ, 'ਮੋਦੀ ਜੀ ਵਿਵਾਦਤ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੂੰ ਗੱਲਾਂ ਦਾ ਕੜਾਹ ਬਣਾਉਣਾ ਜ਼ਿਆਦਾ ਪਸੰਦ ਹੈ ਤੇ ਕੰਮ ਕਰਨਾ ਘੱਟ। ਪ੍ਰਚਾਰ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ, ''ਪ੍ਰਧਾਨ ਮੰਤਰੀ ਅਸਲੀ ਮੁੱਦਿਆਂ ਤੋਂ ਭੱਜ ਰਹੇ ਹਨ। ਰੁਜ਼ਗਾਰ ਦੇ ਸਵਾਲ 'ਤੇ ਉਨ੍ਹਾਂ ਚੁੱਪ ਧਾਰ ਲਈ ਹੈ। ਕਰੋੜਾਂ ਰੁਜ਼ਗਾਰ ਖਤਮ ਹੋ ਰਹੇ ਹਨ ਤਾਂ ਇਸ ਲਈ ਉਨ੍ਹਾਂ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਕਿਸਾਨਾਂ ਦੀ ਹਾਲਤ ਮਾੜੀ ਹੈ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੂੰ ਰੋਜ਼ੀ-ਰੋਟੀ ਨਾਲ ਜੁੜੇ ਮੁੱਦਿਆਂ 'ਤੇ ਜਵਾਬ ਦੇਣਾ ਚਾਹੀਦਾ ਹੈ।
ਅਸੀਂ ਨਰਿੰਦਰ ਮੋਦੀ ਦੀ ਜਵਾਬਦੇਹੀ ਤੈਅ ਕਰਾਂਗੇ। ਅਸਲੀ ਮੁੱਦਿਆਂ ਤੋਂ ਉਨ੍ਹਾਂ ਨੂੰ ਭੱਜਣ ਨਹੀਂ ਦੇਵਾਂਗੇ। ਸ਼ਰਮਾ ਨੇ ਸਵਾਲ ਕੀਤਾ ਕਿ, ''ਜੇ ਮੋਦੀ ਜੀ ਏਨੇ ਹੀ ਮਜ਼ਬੂਤ ਹਨ ਤਾਂ ਸਾਹਮਣੇ ਆ ਕੇ ਜਵਾਬ ਕਿਉਂ ਨਹੀਂ ਦਿੰਦੇ? ਅਸਲ ਮੁੱਦਿਆਂ ਤੋਂ ਕਿਉਂ ਭੱਜ ਰਹੇ ਹਨ?'' ਉਨ੍ਹਾਂ ਕਿਹਾ, ''ਝੂਠੇ ਵਾਦਿਆਂ ਦੀ ਸੁਨਾਮੀ ਵਿਚ ਇਨ੍ਹਾਂ ਨੂੰ 31 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇਸ ਦਾ ਹਿਸਾਬ ਦੇਣਾ ਹੈ। ਚੰਗਾ ਹੈ ਕਿ ਉਹ ਪਹਿਲਾਂ ਵਾਅਦਾਖ਼ਿਲਾਫ਼ੀ ਲਈ ਮਾਫ਼ੀ ਮੰਗ ਲੈਣ, ਫਿਰ ਵੋਟ ਮੰਗਣ।'' (ਪੀਟੀਆਈ)