
ਪੱਤਰਕਾਰ ਤੇ ਸਮਾਜਕ ਕਾਰਕੁਨ ਗੌਰੀ ਲੰਕੇਸ਼ ਦੀ ਹਤਿਆ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ ਨੇ ਅੱਜ ਇਸ ਮਾਮਲੇ ਵਿਚ ਪਹਿਲਾ ਦੋਸ਼ਪੱਤਰ ਦਾਖ਼ਲ ਕਰ ਦਿਤਾ ਅਤੇ....
ਬੰਗਲੌਰ : ਪੱਤਰਕਾਰ ਤੇ ਸਮਾਜਕ ਕਾਰਕੁਨ ਗੌਰੀ ਲੰਕੇਸ਼ ਦੀ ਹਤਿਆ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ ਨੇ ਅੱਜ ਇਸ ਮਾਮਲੇ ਵਿਚ ਪਹਿਲਾ ਦੋਸ਼ਪੱਤਰ ਦਾਖ਼ਲ ਕਰ ਦਿਤਾ ਅਤੇ ਹਿੰਦੂਵਾਦੀ ਕਾਰਕੁਨ ਟੀ ਨਵੀਨ ਕੁਮਾਰ ਨੂੰ ਮੁਲਜ਼ਮ ਦਸਿਆ। ਜੱਜ ਸਾਹਮਣੇ ਦਾਖ਼ਲ 650 ਪੰਨਿਆਂ ਦੇ ਦੋਸ਼ਪੱਤਰ ਵਿਚ ਨਵੀਨ ਕੁਮਾਰ ਦੀ ਭੂਮਿਕਾ ਦੀ ਜਾਣਕਾਰੀ ਦਿਤੀ ਗਈ ਹੈ।
ਐਸਆਈਟੀ ਸੂਤਰਾਂ ਨੇ ਦਸਿਆ ਕਿ ਨਵੀਨ ਕੁਮਾਰ ਨੂੰ ਧਾਰਾ 302, 120, 118 ਅਤੇ 114 ਤਹਿਤ ਮੁਲਜ਼ਮ ਬਣਾਇਆ ਗਿਆ ਹੈ। ਸੂਤਰਾਂ ਨੇ ਦਸਿਆ ਕਿ ਦੋਸ਼ਪੱਤਰ ਵਿਚ ਕਰੀਬ 131 ਗਵਾਹਾਂ ਦੇ ਬਿਆਨ ਦਰਜ ਹਨ। ਐਸਆਈਟੀ ਨੇ ਕਿਹਾ ਕਿ ਉਹ ਭਵਿੱਖ ਵਿਚ ਇਸ ਮਾਮਲੇ ਦੇ ਸਬੰਧ ਵਿਚ ਹੋਰ ਦਸਤਾਵੇਜ਼ ਸੌਂਪੇਗੀ।
ਖੱਬੇਪੱਖ ਵਲ ਝੁਕਾਅ ਅਤੇ ਹਿੰਦੂਤਵ ਵਿਰੋਧੀ ਰੁਖ਼ ਲਈ ਪ੍ਰਸਿੱਧ 55 ਸਾਲਾ ਲੰਕੇਸ਼ ਦੀ ਪਿਛਲੇ ਸਾਲ ਪੰਜ ਸਤੰਬਰ ਨੂੰ ਉਸ ਦੇ ਘਰ ਸਾਹਮਣੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ।
ਨਵੀਨ ਕੁਮਾਰ ਨੂੰ 18 ਫ਼ਰਵਰੀ ਨੂੰ ਹਥਿਆਰ ਅਤੇ ਵਿਸਫੋਟਕ ਸਮੱਗਰੀ ਗ਼ੈਰਕਾਨੂੰਨੀ ਤਰੀਕੇ ਨਾਲ ਰੱਖਣ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸਆਈਟੀ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਉਸ ਨੂੰ ਲੰਕੇਸ਼ ਦੀ ਹਤਿਆ ਵਿਚ ਉਸ ਦੀ ਸ਼ਮੂਲੀਅਤ ਦੇ ਸਬੰਧ ਵਿਚ ਸਬੂਤ ਮਿਲੇ ਹਨ। ਨਵੀਨ ਕੁਮਾਰ ਵਿਰੁਧ ਹਥਿਆਰਾਂ ਸਬੰਧੀ ਮਾਮਲੇ ਵਿਚ ਕਲ ਸ਼ਹਿਰ ਦੀ ਅਦਾਲਤ ਵਿਚ ਸੁਣਵਾਈ ਹੋਣੀ ਹੈ। (ਏਜੰਸੀ)