
ਗੁੜਗਾਉਂ,
15 ਸਤੰਬਰ : ਹਰਿਆਣਾ ਸਰਕਾਰ ਨੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਬੱਚੇ ਦੀ ਬੇਰਹਿਮੀ ਨਾਲ
ਕੀਤੀ ਗਈ ਹਤਿਆ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕਰ ਦਿਤੀ ਹੈ। ਬੱਚੇ ਦੇ ਮਾਤਾ ਪਿਤਾ ਇਹ
ਮਾਮਲਾ ਸੀਬੀਆਈ ਨੂੰ ਦੇਣ ਦੀ ਮੰਗ ਕਰ ਰਹੇ ਸਨ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ
ਅੱਜ ਪ੍ਰਦੁੱਮਣ ਠਾਕੁਰ ਦੇ ਪਰਵਾਰ ਨਾਲ ਮੁਲਾਕਾਤ ਕੀਤੀ ਅਤੇ ਉਕਤ ਐਲਾਨ ਕੀਤਾ। ਪਿਛਲੇ
ਸ਼ੁਕਰਵਾਰ ਨੂੰ ਪ੍ਰਦੁੱਮਣ ਸਕੂਲ ਦੇ ਪਖ਼ਾਨੇ ਵਿਚ ਲਹੂਲੁਹਾਨ ਹਾਲਤ ਵਿਚ ਮਿਲਿਆ ਸੀ। ਸਕੂਲ
ਵਿਰੁਧ ਕਾਰਵਾਈ ਕੀਤੇ ਜਾਣ ਬਾਬਤ ਖੱਟਰ ਨੇ ਕਿਹਾ ਕਿ ਸਰਕਾਰ ਨੇ ਤਿੰਨ ਮਹੀਨਿਆਂ ਲਈ ਸਕੂਲ
ਦਾ ਪ੍ਰਬੰਧ ਅਪਣੇ ਹੱਥਾਂ ਵਿਚ ਲੈਣ ਦਾ ਫ਼ੈਸਲਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਉਨ੍ਹਾਂ ਕਿਹਾ, 'ਇਹ ਘਟਨਾ ਦੁਖਦਾਈ ਹੈ। ਅੱਜ ਮੈਂ ਪਰਵਾਰ ਨੂੰ ਮਿਲਣ ਆਇਆ ਹਾਂ।
ਪਰਵਾਰ ਦੀ ਮੰਗ 'ਤੇ ਘਟਨਾ ਦੀ ਜਾਂਚ ਸੀਬੀਆਈ ਨੂੰ ਦੇਣ ਦੀ ਸਿਫ਼ਾਰਸ਼ ਕਰ ਦਿਤੀ ਗਈ ਹੈ।'
ਮੁੱਖ ਮੰਤਰੀ ਪ੍ਰਦੁੱਮਣ ਦੇ ਘਰ ਗਏ ਅਤੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਉਨ੍ਹਾਂ
ਕਿਹਾ, 'ਅਸੀਂ ਇਹ ਫ਼ੈਸਲਾ ਵੀ ਕੀਤਾ ਹੈ ਕਿ ਸਰਕਾਰ ਸਕੂਲ ਦਾ ਪ੍ਰਬੰਧ ਤਿੰਨ ਮਹੀਨਿਆਂ ਲਈ
ਅਪਣੇ ਹੱਥਾਂ ਵਿਚ ਲਏਗੀ।' ਮ੍ਰਿਤਕ ਦੇ ਪਿਤਾ ਵਰੁਣ ਠਾਕੁਰ ਨੇ ਕਿਹਾ ਕਿ ਅਜਿਹੇ
ਮਾਮਲਿਆਂ ਵਿਚ ਸਕੂਲ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। (ਏਜੰਸੀ)