
ਨਰਿੰਦਰ ਮੋਦੀ ਚਾਹੇ ਅਕਸਰ ਗਰੀਬਾਂ ਅਤੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਰਹਿੰਦੇ ਹਨ ਪਰ ਉਹਨਾਂ ਦੇ ਮੰਤਰੀ ਮੰਡਲ ਵਿਚ ਇਹਨਾਂ ਨੂੰ ਕੋਈ ਖਾਸ ਜਗ੍ਹਾ ਨਹੀਂ ਮਿਲੀ।
ਨਵੀਂ ਦਿੱਲੀ: ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਚਾਹੇ ਅਕਸਰ ਗਰੀਬਾਂ ਅਤੇ ਨੌਜਵਾਨਾਂ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਰਹਿੰਦੇ ਹਨ ਪਰ ਉਹਨਾਂ ਦੇ ਮੰਤਰੀ ਮੰਡਲ ਵਿਚ ਇਹਨਾਂ ਦੋਨਾਂ ਨੂੰ ਕੋਈ ਖਾਸ ਜਗ੍ਹਾ ਨਹੀਂ ਮਿਲੀ। ਪੀਐਮ ਨਰਿੰਦਰ ਮੋਦੀ ਦੇ ਨਵੇਂ ਮੰਤਰੀ ਮੰਡਲ ਵਿਚ 35 ਸਾਲਾਂ ਦੇ ਕੈਲਾਸ਼ ਚੌਧਰੀ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ।
ਮਿਲੀ ਜਾਣਕਾਰੀ ਅਨੁਸਾਰ ਪੀਐਮ ਨਰਿੰਦਰ ਮੋਦੀ ਨਾਲ ਸਹੁੰ ਚੁੱਕਣ ਵਾਲੇ 57 ਮੰਤਰੀਆਂ ਵਿਚੋਂ ਇਹਨਾਂ ਵਿਚੋਂ ਸਿਰਫ 10 ਮੰਤਰੀ ਹੀ 50 ਸਾਲ ਤੱਕ ਦੀ ਉਮਰ ਦੇ ਹਨ। ਇਸ ਲਿਸਟ ਵਿਚ 72 ਸਾਲ ਦੇ ਰਾਮ ਵਿਲਾਸ ਪਾਸਵਾਨ ਟਾਪ ‘ਤੇ ਹਨ। 50 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਦੇ ਸਿਰਫ 17 ਮੰਤਰੀ ਹਨ ਅਤੇ 60 ਤੋਂ 70 ਸਾਲ ਤੱਕ ਦੀ ਉਮਰ ਦੇ 29 ਮੰਤਰੀ ਹਨ ਜਦਕਿ 70 ਸਾਲ ਤੋਂ ਜ਼ਿਆਦਾ ਦੀ ਉਮਰ ਦਾ ਸਿਰਫ 1 ਮੰਤਰੀ ਹੈ।
ਇਸਦੇ ਨਾਲ ਹੀ ਮੋਦੀ ਦੇ ਮੰਤਰੀ ਮੰਡਲ ਦੇ 91 ਫੀਸਦੀ ਮੈਂਬਰ ਕਰੋੜਪਤੀ ਹਨ। ਮੋਦੀ ਸਰਕਾਰ ਦੇ ਨਵੇਂ ਮੰਤਰੀਆਂ ਵਿਚ ਸਿਰਫ 5 (9ਫੀਸਦੀ) ਮੰਤਰੀ ਹੀ ਅਜਿਹੇ ਹਨ ਜਿਨ੍ਹਾਂ ਦੀ ਜਾਇਦਾਦ ਇਕ ਕਰੋੜ ਤੋਂ ਘੱਟ ਹੈ। ਇਹਨਾਂ ਵਿਚੋਂ ਸਭ ਤੋਂ ਘੱਟ ਜਾਇਦਾਦ ਵਾਲੇ ਮੰਤਰੀ ਪ੍ਰਤਾਪ ਸਿੰਘ ਸਾਰੰਗੀ ਹਨ। ਸਾਰੰਗੀ 13 ਲੱਖ ਦੀ ਜਾਇਦਾਦ ਦੇ ਮਾਲਿਕ ਹਨ।
ਨਵੇਂ ਮੰਤਰੀ ਮੰਡਲ ਵਿਚ 52 ਮੰਤਰੀ (91 ਫੀਸਦੀ) ਮੰਤਰੀ ਕਰੋੜਪਤੀ ਹਨ। ਇਹਨਾਂ ਵਿਚੋਂ 10 ਮੰਤਰੀ ਅਜਿਹੇ ਹਨ, ਜਿਨ੍ਹਾਂ ਕੋਲ 20 ਕਰੋੜ ਤੋਂ ਵੀ ਜ਼ਿਆਦਾ ਜਾਇਦਾਦ ਹੈ। ਇਸ ਲਿਸਟ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦਾ ਨਾਂਅ ਸਭ ਤੋਂ ਉਪਰ ਆਉਂਦਾ ਹੈ। ਹਰਸਿਮਰਤ ਕੌਰ ਬਾਦਲ 217.9 ਕਰੋੜ ਦੀ ਜਾਇਦਾਦ ਦੀ ਮਾਲਕਣ ਹੈ।