
ਇਹ ਸਾਰੇ ਹੋਮ ਗਾਰਡ ਸੱਤਵੇਂ ਪੜਾਅ ਦੀ ਵੋਟਿੰਗ ਲਈ ਡਿਊਟੀ 'ਤੇ ਤਾਇਨਾਤ ਸਨ
UP Heatwave : ਭਿਆਨਕ ਗਰਮੀ ਦੇ ਵਿਚਕਾਰ ਲੋਕ ਸਭਾ ਚੋਣਾਂ ਆਖਰੀ ਪੜਾਅ 'ਤੇ ਪਹੁੰਚ ਗਈਆਂ ਹਨ। ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਸ਼ਨੀਵਾਰ 1 ਜੂਨ ਨੂੰ ਹੋਣੀ ਹੈ। ਇਸੇ ਦੌਰਾਨ ਮਿਰਜ਼ਾਪੁਰ 'ਚ ਭਿਆਨਕ ਗਰਮੀ ਅਤੇ ਲੂ ਕਾਰਨ ਚੋਣ ਡਿਊਟੀ 'ਤੇ ਲੱਗੇ 5 ਹੋਮਗਾਰਡਾਂ ਦੀ ਮੌਤ ਹੋ ਗਈ ਹੈ।
16 ਹੋਮ ਗਾਰਡਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਇਲਾਜ ਲਈ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ। ਇਹ ਸਾਰੇ ਹੋਮ ਗਾਰਡ ਸੱਤਵੇਂ ਪੜਾਅ ਦੀ ਵੋਟਿੰਗ ਲਈ ਡਿਊਟੀ 'ਤੇ ਤਾਇਨਾਤ ਸਨ। ਜਾਣਕਾਰੀ ਅਨੁਸਾਰ 1 ਜੂਨ ਨੂੰ ਹੋਣ ਵਾਲੀ ਵੋਟਿੰਗ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਹੋਮ ਗਾਰਡ ਚੋਣ ਡਿਊਟੀ ਲਈ ਆਏ ਸਨ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੋਲਿੰਗ ਪਾਰਟੀ ਲਈ ਰਵਾਨਾ ਹੋਣ ਦੀ ਬਜਾਏ ਪੋਲੀਟੈਕਨਿਕ ਮੈਦਾਨ ਪਹੁੰਚੇ ਸੀ। ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਪੰਜ ਹੋਮਗਾਰਡਾਂ ਦੀ ਮੌਤ ਹੋ ਗਈ। ਮਿਰਜ਼ਾਪੁਰ 'ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਦਰਜ ਕੀਤਾ ਗਿਆ।
ਉੱਤਰੀ ਭਾਰਤ ਵਿੱਚ ਜਾਨਲੇਵਾ ਹੋਈ ਗਰਮੀ
ਉੱਤਰੀ ਭਾਰਤ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਗਰਮੀ ਜਾਨਲੇਵਾ ਬਣ ਚੁੱਕੀ ਹੈ। ਉੱਤਰ ਪ੍ਰਦੇਸ਼ ਤੋਂ ਇਲਾਵਾ ਬਿਹਾਰ ਅਤੇ ਹੋਰ ਰਾਜਾਂ ਵਿੱਚ ਵੀ ਗਰਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ਵਿੱਚ ਇਹ ਅੰਕੜਾ 50 ਤੋਂ ਉੱਪਰ ਪਹੁੰਚ ਗਿਆ ਹੈ।
ਉੱਤਰੀ ਭਾਰਤ 'ਚ ਜ਼ਿਆਦਾਤਰ ਥਾਵਾਂ 'ਤੇ ਤਾਪਮਾਨ 59 ਡਿਗਰੀ ਤੋਂ ਉੱਪਰ ਚਲਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ।