
ਨਵੀਂ ਦਿੱਲੀ, 13
ਸਤੰਬਰ: ਪਟਰੌਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ
ਰੋਜ਼ਾਨਾ ਆਧਾਰ 'ਤੇ ਸਮੀਖਿਆ ਕਰਨ ਤੋਂ ਰੋਕਣ ਲਈ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਅੱਜ ਇਨਕਾਰ
ਕਰ ਦਿਤਾ ਹੈ। ਬਾਲਣ ਦੀਆਂ ਕੀਮਤਾਂ 'ਚ ਜੁਲਾਈ ਤੋਂ ਬਾਅਦ ਹੁਣ ਤਕ 7.3 ਰੁਪਏ ਪ੍ਰਤੀ
ਲਿਟਰ ਦੇ ਵਾਧੇ ਕਰ ਕੇ ਉੱਠ ਰਹੇ ਸਵਾਲਾਂ ਵਿਚਕਾਰ ਉਨ੍ਹਾਂ ਇਹ ਗੱਲ ਕਹੀ। ਮੰਤਰੀ ਨੇ ਇਹ
ਵੀ ਕਿਹਾ ਕਿ ਸੁਧਾਰ ਜਾਰੀ ਰਹੇਗਾ। ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 2014 ਤੋਂ ਬਾਅਦ
ਸੱਭ ਤੋਂ ਉਪਰਲੇ ਪੱਧਰ 'ਤੇ ਹਨ।
ਉਨ੍ਹਾਂ ਤਿੰਨ ਜੁਲਾਈ ਤੋਂ ਕੀਮਤਾਂ 'ਚ ਵਾਧੇ ਦੇ ਅਸਰ ਨੂੰ ਹਲਕਾ ਕਰਨ ਲਈ ਟੈਕਸਾਂ 'ਚ ਕਟੌਤੀ ਕਰਨ ਲਈ ਵੀ ਕੋਈ ਵਚਨਬੱਧਤਾ ਨਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਤਪਾਦ ਡਿਊਟੀ ਘੱਟ ਕਰਨ ਬਾਰੇ ਫ਼ੈਸਲਾ ਵਿੱਤ ਮੰਤਰਾਲਾ ਕਰੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਪਤਕਾਰਾਂ ਦੀਆਂ ਉਮੀਦਾਂ ਨਾਲ ਵਿਕਾਸ ਜ਼ਰੂਰਤਾਂ ਵਿਚਕਾਰ ਸੰਤੁਲਨ ਰਖਣਾ ਹੈ। ਸਰਕਾਰ ਨੂੰ ਢਾਂਚਾਗਤ ਸਹੂਲਤ ਅਤੇ ਸਮਾਜਕ ਬੁਨਿਆਦੀ ਢਾਂਚੇ 'ਚ ਵੱਡੇ ਪੱਧਰ 'ਤੇ ਪੈਸੇ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਦਰਾਂ ਨੂੰ ਹਰ
ਪੰਦਰਵਾੜੇ ਬਦਲਿਆ ਜਾਂਦਾ ਸੀ ਪਰ 16 ਜੂਨ ਤੋਂ ਇਸ ਨੂੰ ਰੋਜ਼ਾਨਾ ਆਧਾਰ 'ਤੇ ਬਦਿਲਆ ਜਾ
ਰਿਹਾ ਹੈ। ਰੋਜ਼ਾਨਾ ਆਧਾਰ 'ਤੇ ਸਮੀਖਿਆ 'ਚ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ
ਜੇ ਕਟੌਤੀ ਹੁੰਦੀ ਹੈ ਤਾਂ ਉਸ ਦਾ ਤੁਰਤ ਲਾਭ ਗ੍ਰਾਹਕਾਂ ਨੂੰ ਮਿਲਦਾ ਹੈ। ਇਸ ਨਾਲ
ਕੀਮਤਾਂ 'ਚ ਇਕ ਵਾਰੀ 'ਚ ਅਚਾਨਕ ਵਾਧੇ ਦੀ ਬਜਾਏ ਘੱਟ ਮਾਤਰਾ 'ਚ ਵਾਧਾ ਹੁੰਦਾ ਹੈ।
ਸਰਕਾਰ
ਨੇ 2014 ਅਤੇ 2016 ਦੌਰਾਨ 9 ਵਾਰੀ ਪਟਰੌਲ ਅਤੇ ਡੀਜ਼ਲ ਉਤੇ ਉਤਪਾਦ ਡਿਊਟੀ ਵਧਾਈ ਸੀ।
ਕੌਮਾਂਤਰੀ ਪੱਧਰ 'ਤੇ ਬਾਲਣ ਦੀਆਂ ਕੀਮਤਾਂ ਘੱਟ ਹੋਣ ਕਰ ਕੇ ਇਹ ਵਧਾਈ ਗਈ ਸੀ। ਇਸ ਵੇਲੇ
ਕੁਲ ਮਿਲਾ ਕੇ ਪਟਰੌਲ ਉਤੇ ਉਤਪਾਦ ਡਿਊਟੀ 11.77 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਉਤੇ
13.47 ਰੁਪਏ ਦਾ ਵਾਧਾ ਕੀਤਾ ਗਿਆ। (ਪੀਟੀਆਈ)