
ਨਵੀਂ ਦਿੱਲੀ, 23 ਜਨਵਰੀ : ਸੀਬੀਆਈ ਨੇ ਅੱਜ ਕਿਹਾ ਕਿ ਉਹ ਸੋਹਰਾਬੂਦੀਨ ਸ਼ੇਖ਼ ਦੇ ਕਥਿਤ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦੋਸ਼ਮੁਕਤ ਕਰਨ ਦੇ ਫ਼ੈਸਲੇ ਵਿਰੁਧ ਬੰਬਈ ਹਾਈ ਕੋਰਟ ਵਿਚ ਦਾਖ਼ਲ ਜਨਹਿੱਤ ਪਟੀਸ਼ਨ ਦਾ ਵਿਰੋਧ ਕਰੇਗੀ। ਪਿਛਲੇ ਹਫ਼ਤੇ ਬੰਬਈ ਲਾਇਰਜ਼ ਐਸੋਸੀਏਸ਼ਨ ਦੁਆਰਾ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਐਸੋਸੀਏਸ਼ਨ ਨੇ ਉਥੋਂ ਦੀ ਇਕ ਅਦਾਲਤ ਦੁਆਰਾ ਸ਼ਾਹ ਨੂੰ ਦੋਸ਼ਮੁਕਤ ਕਰਨ ਦੇ 30 ਦਸੰਬਰ, 2014 ਦੇ ਹੁਕਮ ਨੂੰ ਚੁਨੌਤੀ ਨਾ ਦੇਣ ਦੀ ਸੀਬੀਆਈ ਦੀ ਕਾਰਵਾਈ ਨੂੰ 'ਗ਼ੈਰਕਾਨੂੰਨੀ, ਆਪਹੁਦਰਾ ਅਤੇ ਮੰਦਭਾਗਾ' ਦਸਿਆ ਹੈ। ਸੀਬੀਆਈ ਦੇ ਵਕੀਲ ਅਨਿਲ ਸਿੰਘ ਨੇ ਹਾਈ ਕੋਰਟ ਵਿਚ ਕਿਹਾ, 'ਅਸੀਂ ਪਟੀਸ਼ਨ ਦਾ ਵਿਰੋਧ ਕਰ ਰਹੇ ਹਾਂ। ਦੋਸ਼ਮੁਕਤ ਕਰਨ ਦਾ ਹੁਕਮ ਦਸੰਬਰ 2014 ਦਾ ਹੈ, ਇਸ ਬਾਰੇ ਸਮਾਂ ਸੀਮਾ ਦਾ ਮੁੱਦਾ ਹੈ।'
ਜੱਜ ਐਸ ਸੀ ਧਰਮਅਧਿਕਾਰੀ ਅਤੇ ਭਾਰਤੀ ਦਾਂਗਰੇ ਦੇ ਬੈਂਚ ਨੇ ਸੀਬੀਆਈ ਵਕੀਲ ਦੇ ਸਮਾਂ ਮੰਗਣ 'ਤੇ ਪਟੀਸ਼ਨ ਸਬੰਧੀ ਜਿਰ੍ਹਾ ਸੁਣਨ ਲਈ 13 ਫ਼ਰਵਰੀ ਦੀ ਤਰੀਕ ਤੈਅ ਕੀਤੀ ਹੈ। ਪਟੀਸ਼ਨਕਾਰ ਦੇ ਵਕੀਲ ਦੁਸ਼ਯੰਤ ਦਬੇ ਨੇ ਬੈਂਚ ਨੂੰ ਕਿਹਾ ਕਿ ਪਟੀਸ਼ਨ ਵਿਚ ਹਾਈ ਕੋਰਟ ਪ੍ਰਸ਼ਾਸਨਿਕ ਕਮੇਟੀ ਨੇ ਇਸ ਗੱਲ ਦੇ ਵੀ ਰੀਕਾਰਡ ਮੰਗੇ ਹਨ ਕਿ ਮਾਮਲੇ ਵਿਚ ਸ਼ੁਰੂਆਤ ਵਿਚ ਜਿਸ ਸੀਬੀਆਈ ਜੱਜ ਨੂੰ ਸੁਣਵਾਈ ਦਾ ਜ਼ਿੰਮਾ ਸੌਂਪਿਆ ਗਿਆ ਸੀ, ਉਸ ਦਾ ਤਬਾਦਲਾ ਕਿਉਂ ਕੀਤਾ? ਪਟੀਸ਼ਨ ਵਿਚ ਕਿਹਾ ਗਿਆ, 'ਹਾਈ ਕੋਰਟ ਨੇ ਕਿਹਾ ਸੀ ਕਿ ਪ੍ਰਸ਼ਾਸਨਿਕ ਕਮੇਟੀ ਇਹ ਵੀ ਯਕੀਨੀ ਕਰੇਗੀ ਕਿ ਇਕ ਹੀ ਅਧਿਕਾਰ ਮਾਮਲੇ ਵਿਚ ਸ਼ੁਰੂਆਤ ਵਿਚ ਅੰਤ ਤਕ ਸੁਣਵਾਈ ਕਰੇਗਾ।' (ਏਜੰਸੀ)