
ਬੰਗਲੌਰ, 15 ਅਕਤੂਬਰ: ਬੰਗਲੌਰ
'ਚ ਐਤਵਾਰ ਨੂੰ ਪਿਛਲੇ 115 ਸਾਲਾਂ ਦੌਰਾਨ ਹੁਣ ਤਕ ਦਾ ਸੱਭ ਤੋਂ ਭਾਰੀ ਮੀਂਹ ਦਰਜ ਕੀਤਾ
ਗਿਆ ਹੈ। ਬੰਗਲੌਰ 'ਚ ਸਨਿਚਰਵਾਰ ਤਕ 1615.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ ਕਿ
2005 ਦੇ 1606.08 ਮਿਲੀਮੀਟਰ ਦੇ ਰੀਕਾਰਡ ਤੋਂ ਵੀ ਜ਼ਿਆਦਾ ਹੈ। ਪਿਛਲੇ ਦੋ ਮਹੀਨਿਆਂ ਤੋਂ
ਬੰਗਲੌਰ 'ਚ ਮੋਹਲੇਧਾਰ ਮੀਂਹ ਪੈਣ ਦਾ ਕਾਰਨ ਸ਼ਹਿਰ 'ਚ ਮੌਸਮ ਦੀ ਅਜੀਬੋ-ਗ਼ਰੀਬ ਸਥਿਤੀ ਹੈ
ਜਿਥੇ ਦਖਣੀ-ਪਛਮੀ ਮਾਨਸੂਨ ਅਜੇ ਤਕ ਚਲ ਰਿਹਾ ਹੈ ਅਤੇ ਉੱਤਰ-ਪੂਰਬੀ ਮਾਨਸੂਨ ਆਉਣ ਵਾਲਾ
ਹੈ।
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਸਥਿਤੀ ਅਤੇ ਅਰਬ ਸਾਗਰ 'ਚ ਘੱਟ
ਦਬਾਅ ਵਾਲੇ ਖੇਤਰ ਕਰ ਕੇ ਕਰਨਾਟਕ ਅਤੇ ਬੰਗਲੌਰ 'ਚ ਮੀਂਹ ਪੈ ਰਿਹਾ ਹੈ। ਉਨ੍ਹਾਂ ਕਿਹਾ
ਕਿ ਇਹ ਸਥਿਤੀ ਜਲਵਾਯੂ ਪਰਿਵਰਤਨ ਕਰ ਕੇ ਵਾਪਰ ਰਹੀ ਹੈ। ਭਾਰੀ ਮੀਂਹ ਕਰ ਕੇ ਸ਼ਹਿਰ 'ਚ ਹਰ
ਪਾਸੇ ਪਾਣੀ ਭਰਿਆ ਹੋਇਆ ਹੈ ਅਤੇ ਸੜਕਾਂ 'ਤੇ ਵੱਡੀ ਗਿਣਤੀ 'ਚ ਟਰੈਫ਼ਿਕ ਜਾਮ ਲੱਗ ਰਹੇ
ਹਨ।
ਅੱਜ ਸ਼ਹਿਰ 'ਚ ਪਾਣੀ ਨਾਲ ਭਰੇ ਇਕ ਨਾਲੇ 'ਚ 16 ਸਾਲਾਂ ਦੀ ਇਕ ਕੁੜੀ ਡੁੱਬ ਗਈ। ਇਸ
ਨਾਲ ਸ਼ਹਿਰ 'ਚ ਮੀਂਹ ਨਾਲ ਜੁੜੀਆਂ ਘਟਨਾਵਾਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ
10 ਪੁੱਜ ਗਈ ਹੈ। ਸੂਬੇ 'ਚ ਸੱਤਾਧਾਰੀ ਕਾਂਗਰਸ ਅਤੇ ਭਾਜਪਾ ਵਿਚਕਾਰ ਸ਼ਬਦੀ ਜੰਗ ਛਿੜ ਗਈ
ਹੈ। ਭਾਜਪਾ ਨੇ ਮੌਤਾਂ ਲਈ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਦਸਿਆ ਹੈ। ਜਦਕਿ ਮੁੱਖ ਮੰਤਰੀ
ਸਿੱਧਾਰਮਈਆ ਨੇ ਮੁੱਦੇ ਨੂੰ ਸਿਆਸੀ ਰੰਗ ਦੇਣ ਨੂੰ ਲੈ ਕੇ ਭਾਜਪਾ ਉਤੇ ਹਮਲਾ ਕੀਤਾ ਅਤੇ
ਕਿਹਾ ਕਿ ਉਹ 1983 ਤੋਂ ਬੰਗਲੌਰ 'ਚ ਰਹਿ ਰਹੇ ਹਨ ਪਰ ਉਨ੍ਹਾਂ ਏਨੇ ਵੱਡੇ ਪੱਧਰ 'ਤੇ
ਮੀਂਹ ਕਦੇ ਨਹੀਂ ਵੇਖਿਆ।
ਇਹ ਘਟਨਾ ਕ੍ਰਿਸ਼ਣੱਪਾ ਗਾਰਡਨ 'ਚ ਵਾਪਰੀ ਜਿਥੇ ਨਰਸਮਾ
ਫਿਸਲ ਕੇ ਨਾਲੇ 'ਚ ਡਿੱਗ ਪਈ। ਬਾਅਦ 'ਚ ਉਸ ਦੀ ਲਾਸ਼ ਇਥੋਂ ਕੁੱਝ ਦੂਰੀ 'ਤੇ ਬਰਾਮਦ ਕੀਤੀ
ਗਈ। ਉਹ ਉੱਤਰੀ ਕਰਨਾਟਕ ਤੋਂ ਆਏ ਇਕ ਮਜ਼ਦੂਰ ਪ੍ਰਵਾਰ ਨਾਲ ਸਬੰਧਤ ਸੀ। (ਏਜੰਸੀਆਂ)