
ਨਵੀਂ ਦਿੱਲੀ, 25 ਜਨਵਰੀ: ਆਸਿਆਨ-ਭਾਰਤ ਸਿਖਰ ਸੰਮੇਲਨ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਮਾ ਦੀ ਸਟੇਟ ਕੌਂਸਲਰ ਡਾ. ਆਂਗ ਸਾਂਗ ਸੂ ਚੀ, ਵਿਅਤਨਾਮ ਦੇ ਪ੍ਰਧਾਨ ਮੰਤਰੀ ਨਿਊਯੇਨ ਸ਼ੁਆਨ ਫੁਕ ਅਤੇ ਫ਼ਿਲੀਪੀਨ ਦੇ ਰਾਸ਼ਟਰਪਤੀ ਰੋਡ੍ਰਿਗੋ ਰੋਆ ਡੁਟਰੇਟ ਨਾਲ ਵੱਖ-ਵੱਖ ਦੁਵੱਲੀ ਗੱਲਬਾਤ ਕੀਤੀ।
Îਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ ਭਾਰਤ-ਆਸਿਆਨ ਸਹਿਯੋਗ ਦੀ 25ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਇਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਅਤੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਹਿੱਸਾ ਲੈਣ ਲਈ ਭਾਰਤ ਪੁੱਜੇ ਇਨ੍ਹਾਂ ਆਗੂਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੱਘਾ ਸਵਾਗਤ ਕੀਤਾ। ਸੂ ਚੀ ਨਾਲ ਹੋਈ ਪ੍ਰਧਾਨ ਮੰਤਰੀ ਦੀ ਬੈਠਕ ਵਿਚ ਸਤੰਬਰ 2017 ਵਿਚ ਮਿਆਂਮਾਰ ਯਾਤਰਾ ਦੌਰਾਨ ਲਏ ਗਏ ਅਹਿਮ ਫ਼ੈਸਲਿਆਂ ਨੂੰ ਅੱਗੇ ਵਧਾਉਣ ਸਬੰਧੀ ਗੱਲਬਾਤ ਹੋਈ। ਬੈਠਕਾਂ ਵਿਚ ਸਮੁੰਦਰੀ ਸੁਰੱਖਿਆ ਬਾਰੇ ਵੀ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਸਿਆਨ ਵਪਾਰ ਵਧਾਉਣ ਲਈ ਉਹ ਮਿਲ ਜੁਲ ਕੇ ਕੰਮ ਕਰਨਗੇ। ਦੋਹਾਂ ਧਿਰਾਂ ਵਿਚਕਾਰ ਵਪਾਰ ਪਿਛਲੇ 25 ਸਾਲ ਵਿਚ 25 ਗੁਣਾਂ ਵੱਧ ਕੇ 70 ਅਰਬ ਡਾਲਰ 'ਤੇ ਪਹੁੰਚ ਗਿਆ ਹੈ।
ਵੀਅਤਨਾਮ ਦੇ ਪ੍ਰਧਾਨ ਮੰਤਰੀ ਫੁਕ ਨਾਲ ਹੋਈ ਬੈਠਕ ਵਿਚ ਦੋਹਾਂ ਆਗੂਆਂ ਨੇ ਰਖਿਆ, ਤੇਲ ਅਤੇ ਗੈਸ, ਵਪਾਰ ਤੇ ਨਿਵੇਸ਼ ਵਰਗੇ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਖੇਤਰਾਂ ਵਿਚ ਦੁਪਾਸੜ ਸਬੰਧਾਂ 'ਤੇ ਤਸੱਲੀ ਪ੍ਰਗਟਾਈ। ਨਰਿੰਦਰ ਮੋਦੀ ਤੇ ਫੁਕ ਇਸ ਗੱਲ 'ਤੇ ਸਹਿਮਤ ਸਨ ਕਿ ਇਸ ਯਾਤਰਾ ਦੌਰਾਨ ਪ੍ਰਵਾਨ ਕੀਤੇ ਗਏ ਦੋ ਸਮਝੌਤੇ ਸੂਚਨਾ ਤੇ ਪ੍ਰਸਾਰਣ ਖੇਤਰ ਵਿਚ ਸਹਿਯੋਗ ਵਧਾਉਣ ਅਤੇ ਆਸਿਆਨ-ਭਾਰਤ ਪੁਲਾੜ ਸਹਿਯੋਗ ਤਹਿਤ ਵੀਅਤਨਾਮ ਵਿਚ ਡਾਟਾ ਰਿਸੈਪਸ਼ਨ ਅਤੇ ਟ੍ਰੈਕਿੰਗ ਸੈਂਟਰ ਅਤੇ ਡਾਟਾ ਪ੍ਰੋਸੈਸਿੰਗ ਕੇਂਦਰ ਦੀ ਸਥਾਪਨਾ ਭਾਰਤ-ਵੀਅਤਨਾਮ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਨਰਿੰਦਰ ਮੋਦੀ ਤੇ ਫ਼ਿਲੀਪੀਨ ਦੇ ਰਾਸ਼ਟਰਪਤੀ ਡੁਟਰੇਟ ਦੀ ਬੈਠਕ ਵਿਚ ਦੋਹਾਂ ਆਗੂਆਂ ਨੇ ਮਨੀਲਾ ਵਿਚ ਨਵੰਬਰ 2017 ਵਿਚ ਹੋਈ ਬੈਠਕ ਤੋਂ ਬਾਅਦ ਆਲਮੀ ਪੱਧਰ 'ਤੇ ਹੋਏ ਬਦਲਾਅ ਦੀ ਸਮੀਖਿਆ ਕੀਤੀ। ਮੋਦੀ ਨੇ ਥਾਈਲੈਂਡ, ਬੂਨੇਈ, ਸਿੰਗਾਪੁਰ ਦੇ ਆਗੂਆਂ ਨਾਲ ਵੀ ਦੁਵੱਲੀ ਗੱਲਬਾਤ ਕੀਤੀ ਅਤੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਤਹਈਆ ਕੀਤਾ। (ਪੀਟੀਆਈ)