
ਗਾਂਧੀਨਗਰ, 16 ਅਕਤੂਬਰ: ਕਾਂਗਰਸ ਪਾਰਟੀ ਅਤੇ ਉਸ ਦੀ ਅਗਵਾਈ ਨੂੰ ਵਿਕਾਸ ਅਤੇ ਗੁਜਰਾਤ ਵਿਰੋਧੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਚੇਣ ਵਿਕਾਸਵਾਦ ਦੀ ਜੰਗ ਹੈ, ਕਾਂਗਰਸ ਲਈ ਵੰਸ਼ਵਾਦ ਦੀ ਜੰਗ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਗੁਜਰਾਤ 'ਚ ਵਿਕਾਸਵਾਦ ਜਿੱਤਣ ਵਾਲਾ ਹੈ ਅਤੇ ਵੰਸ਼ਵਾਦ ਹਾਰਨ ਵਾਲਾ ਹੈ।ਪਾਟੀਦਾਰ ਅੰਦੋਲਨ ਤੋਂ ਬਾਅਦ ਪਟੇਲਾਂ ਦੇ ਇਕ ਵਰਗ ਦੀ ਨਾਰਾਜ਼ਗੀ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ''ਜਦੋਂ ਜਦੋਂ ਗੁਜਰਾਤ 'ਚ ਚੋਣਾਂ ਆਉਂਦੀਆਂ ਹਨ ਕਾਂਗਰਸ ਨੂੰ ਜ਼ਿਆਦਾ ਬੁਖ਼ਾਰ ਆਉਂਦਾ ਹੈ, ਤਕਲੀਫ਼ ਵੱਧ ਜਾਂਦੀ ਹੈ। ਇਸ ਪਾਰਟੀ ਅਤੇ ਪ੍ਰਵਾਰ ਨੂੰ ਗੁਜਰਾਤ ਅੱਖਾਂ 'ਚ ਚੁਭਦਾ ਰਿਹਾ ਹੈ। ਸਰਦਾਰ ਵੱਲਭ ਭਾਈ ਪਟੇਲ ਨਾਲ ਇਸ ਪਾਰਟੀ ਨੇ, ਇਸ ਪ੍ਰਵਾਰ ਨੇ ਕਿਸ ਤਰ੍ਹਾਂ ਦਾ ਸਲੂਕ ਕੀਤਾ ਇਤਿਹਾਸ ਇਸ ਦਾ ਗਵਾਹ ਹੈ। ਮੈਂ ਇਸ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਸਰਦਾਰ ਪਟੇਲ ਦੀ ਪੁੱਤਰੀ ਮਣਿਬੇਨ ਅਤੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਇਸ ਪਾਰਟੀ ਨੇ ਕੀਤਾ, ਇਹ ਸਾਰਿਆਂ ਦੇ ਸਾਹਮਣੇ ਹੈ। ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਬਰਬਾਦ ਕਰਨ ਦਾ ਕੰਮ ਕੀਤਾ। ਗੁਜਰਾਤ ਕਾਂਗਰਸ ਨੂੰ ਪਸੰਦ ਹੀ ਨਹੀਂ ਸੀ। ਉਸ ਨੇ ਬਾਬੂ ਭਾਈ ਪਟੇਲ ਦੀ ਅਗਵਾਈ ਵਾਲੀ ਸਰਕਾਰ ਨੂੰ ਤੋੜਨ ਦਾ ਕੰਮ ਕੀਤਾ।''
ਗੁਜਰਾਤ ਗੌਰਵ ਮਹਾਂਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਕੁਰਸੀ ਦਾ ਖੇਡ ਖੇਡਿਆ। ਵੰਸ਼ਵਾਦ ਨੂੰ ਕਿਸ ਤਰ੍ਹਾਂ ਬਚਾਈ ਰਖਣਾ ਹੈ ਇਸ ਪਾਰਟੀ ਨੇ ਹਮੇਸ਼ਾ ਇਹੀ ਚਿੰਤਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨਾ ਦੇਸ਼ ਦੀ ਫ਼ਿਕਰ ਹੈ ਅਤੇ ਨਾ ਹੀ ਸਮਾਜ ਦੀ। ਉਨ੍ਹਾਂ ਕਿਹਾ ਕਿ ਚੋਣਾਂ ਭਾਜਪਾ ਲਈ ਵਿਕਾਸਵਾਦ ਦੀ ਜੰਗ ਹਨ ਜਦਕਿ ਕਾਂਗਰਸ ਲਈ ਵੰਸ਼ਵਾਦ ਦੀ ਜੰਗ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਜੰਗ 'ਚ ਵਿਕਾਸਵਾਦ ਦੀ ਜਿੱਤ ਹੋਵੇਗੀ। ਉਨ੍ਹਾਂ ਕਾਂਗਰਸ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਹ ਵਿਕਾਸਵਾਦ ਦੇ ਮੁੱਦੇ ਉਤੇ ਚੋਣਾਂ ਲੜੇ ਅਤੇ ਲੋਕਾਂ ਨੂੰ ਭਰਮਾਉਣ ਦਾ ਕੰਮ ਛੱਡੇ। ਮੋਦੀ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ ਜਿਸ ਨਰਮਦਾ ਪ੍ਰਾਜੈਕਟ ਦੀ ਨੀਂਹ ਰੱਖੀ ਸੀ ਉੁਹ ਉਨ੍ਹਾਂ ਦੀਆਂ ਅੱਖਾਂ 'ਚ ਇਸ ਲਈ ਚੁਭਦੀ ਸੀ ਕਿਉਂਕਿ ਇਸ ਬਾਰੇ ਸਰਦਾਰ ਪਟੇਲ ਨੇ ਪਹਿਲਾਂ ਵਿਚਾਰ ਪੇਸ਼ ਕੀਤਾ ਸੀ। ਇਸੇ ਲਈ ਇਸ ਪ੍ਰਾਜੈਕਟ ਨੂੰ 40 ਸਾਲਾਂ ਤਕ ਪੂਰਾ ਨਹੀਂ ਹੋਣ ਦਿਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵਿਕਾਸ ਦੇ ਮੁੱਦੇ 'ਤੇ ਚੋਣਾਂ ਨਹੀਂ ਲੜੀਆਂ ਕਿਉਂਕਿ ਕਾਂਗਰਸ ਨੂੰ ਵਿਕਾਸ 'ਚ ਕੋਈ ਦਿਲਚਸਪੀ ਨਹੀਂ ਹੈ। (ਪੀਟੀਆਈ)