
ਨਵੀਂ ਦਿੱਲੀ: ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਦੌਰਾਨ ਸ਼ਿਵਾਜੀ ਮਹਾਰਾਜ ਨੂੰ ਦਰਸਾਉਂਦੀ ਮਹਾਰਾਸ਼ਟਰ ਦੀ ਝਾਕੀ ਨੂੰ ਪਹਿਲਾ ਪੁਰਸਕਾਰ ਮਿਲਿਆਹੈ। ਮੁਖੌਟਾ ਕਲਾ ਨੂੰ ਪੇਸ਼ ਕਰਦੀ ਹੋਈ ਆਸਾਮ ਦੀ ਝਾਕੀ ਨੂੰ ਦੂਜਾ ਪੁਰਸਕਾਰ ਮਿਲਿਆ ਹੈ। ਤੀਜਾ ਪੁਰਸਕਾਰ ਛਤੀਸਗੜ੍ਰ ਦੀ ਝਾਕੀ ਨੂੰ ਮਿਲਿਆ ਹੈ। ਇਹ ਝਾਕੀ ਰਾਮਗੜ੍ਰ ਦੀ ਪ੍ਰਾਚਨੀ ਨਾਟਸ਼ਾਲਾ 'ਤੇ ਆਧਾਰਤ ਸੀ। ਇਸ ਵਿਚ ਕਲਾਕਾਰਾਂ ਨੇ ਕਾਲੀਦਾਸ ਦੀ ਕ੍ਰਿਤ 'ਤੇ ਆਧਾਰਤ ਨ੍ਰਿਤ ਪੇਸ਼ਕਾਰੀ ਦਿਤੀ ਸੀ।
ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਇਥੇ ਪ੍ਰੋਗਰਾਮ ਵਿਚ ਜੇਤੂ ਟੀਮਾਂ ਨੂੰ ਪੁਰਸਕਾਰ ਦਿਤੇ। ਤਿੰਨਾਂ ਫ਼ੌਜਾਂ ਵਿਚੋਂ ਫ਼ੌਜ ਦੀ ਪੰਜਾਬ ਰੈਜੀਮੈਂਟ ਨੂੰ ਸਰਬਸ਼੍ਰੇਸ਼ਠ ਮਾਰਚਿੰਗ ਟੁਕੜੀ ਟਰਾਫ਼ੀ ਦਾ ਪੁਰਸਕਾਰ ਮਿਲਿਆ ਹੈ। ਭਾਰਤ ਤਿੱਬਤ ਸੀਮਾ ਪੁਲਿਸ ਟੀਮ ਨੇ ਅਰਧਸੈਨਿਕ ਅਤੇ ਹੋਰ ਸਹਾਇਕ ਬਲਾਂ ਵਿਚੋਂ ਸਰਬਸ਼੍ਰੇਸ਼ਠ ਦਸਤੇ ਦਾ ਪੁਰਸਕਾਰ ਜਿੱਤਿਆ ਹੈ। ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੀ ਝਾਕੀ ਦੀ ਸ਼੍ਰੇਣੀ ਵਿਚ ਨੌਜਵਾਨ ਮਾਮਲੇ ਅਤੇ ਖੇਡ ਮੰਤਰਾਲੇ ਨੂੰ ਸਭ ਤੋਂ ਵਧੀਆ ਝਾਕੀ ਦਾ ਪੁਰਸਕਾਰ ਮਿਲਿਆ ਹੈ।
ਗਣਤੰਤਰ ਦਿਵਸ ਪਰੇਡ ਵਿਚ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਆਪੋ-ਅਪਣੀਆਂ ਝਾਕੀਆਂ ਪੇਸ਼ ਕੀਤੀਆਂ ਸਨ। ਨੌਂ ਕੇਂਦਰੀ ਮੰਤਰਾਲੇ ਅਤੇ ਵਿਭਾਗਾਂ ਦੇ ਨਾਲ ਹੀ ਕੇਂਦਰੀ ਅਰਧਸੈਨਿਕ ਬਲਾਂ ਨੇ ਵੀ ਅਪਣੀ ਝਾਕੀ ਪੇਸ਼ ਕੀਤੀ ਸੀ।