ਪੁਲਿਸ ਕਾਂਸਟੇਬਲਾਂ ਦੇ ਕੰਮ ਦੇ ਬੋਝ ਨੂੰ ਘਟਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦਾ ਸੱਦਾ ਦਿਤਾ
ਭੁਵਨੇਸ਼ਵਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਡਿਜੀਟਲ ਧੋਖਾਧੜੀ, ਸਾਈਬਰ ਕ੍ਰਾਈਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਨਾਲ ਪੈਦਾ ਹੋਣ ਵਾਲੇ ਸੰਭਾਵਤ ਖਤਰਿਆਂ ’ਤੇ ਚਿੰਤਾ ਜ਼ਾਹਰ ਕੀਤੀ ਹੈ।
ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ 59ਵੀਂ ਆਲ ਇੰਡੀਆ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪੁਲਿਸ ਕਾਂਸਟੇਬਲਾਂ ਦੇ ਕੰਮ ਦੇ ਬੋਝ ਨੂੰ ਘਟਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦਾ ਸੱਦਾ ਦਿਤਾ। ਉਨ੍ਹਾਂ ਸੁਝਾਅ ਦਿਤਾ ਕਿ ਪੁਲਿਸ ਥਾਣਿਆਂ ਨੂੰ ਸਰੋਤਾਂ ਦੀ ਵੰਡ ਲਈ ਕੇਂਦਰ ਬਿੰਦੂ ਬਣਾਇਆ ਜਾਣਾ ਚਾਹੀਦਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਮੋਦੀ ਨੇ ਸੁਰੱਖਿਆ ਚੁਨੌਤੀਆਂ ਦੇ ਕੌਮੀ ਅਤੇ ਕੌਮਾਂਤਰੀ ਪਹਿਲੂਆਂ ’ਤੇ ਵਿਆਪਕ ਚਰਚਾ ਨੂੰ ਰੇਖਾਂਕਿਤ ਕੀਤਾ ਅਤੇ ਕਾਨਫਰੰਸ ਦੌਰਾਨ ਸਾਹਮਣੇ ਆਈਆਂ ਜਵਾਬੀ ਰਣਨੀਤੀਆਂ ’ਤੇ ਸੰਤੁਸ਼ਟੀ ਪ੍ਰਗਟਾਈ।
ਪ੍ਰਧਾਨ ਮੰਤਰੀ ਮੋਦੀ ਨੇ ਪੁਲਿਸ ਲੀਡਰਸ਼ਿਪ ਨੂੰ ਡਿਜੀਟਲ ਧੋਖਾਧੜੀ, ਸਾਈਬਰ ਕ੍ਰਾਈਮ ਅਤੇ ਏ.ਆਈ. ਤਕਨਾਲੋਜੀ ਵਲੋਂ ਪੈਦਾ ਹੋਏ ਸੰਭਾਵਤ ਖਤਰਿਆਂ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਅਭਿਲਾਸ਼ੀ ਭਾਰਤ ਦੀ ਦੋਹਰੀ ਏ.ਆਈ. ਸ਼ਕਤੀ ਦੀ ਵਰਤੋਂ ਕਰ ਕੇ ਚੁਨੌਤੀ ਨੂੰ ਇਕ ਮੌਕੇ ’ਚ ਬਦਲਣ ਦਾ ਸੱਦਾ ਦਿਤਾ। ਸ਼ਹਿਰੀ ਪੁਲਿਸਿੰਗ ਨੂੰ ਮਜ਼ਬੂਤ ਕਰਨ ਲਈ ਚੁਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਸੁਝਾਅ ਦਿਤਾ ਕਿ ਹਰ ਪਹਿਲਕਦਮੀ ਨੂੰ ਏਕੀਕ੍ਰਿਤ ਕੀਤਾ ਜਾਵੇ ਅਤੇ ਦੇਸ਼ ਦੇ 100 ਸ਼ਹਿਰਾਂ ’ਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ।
ਉਨ੍ਹਾਂ ਨੇ ‘ਸਮਾਰਟ’ ਪੁਲਿਸਿੰਗ ਦੇ ਮੰਤਰ ਦਾ ਵਿਸਥਾਰ ਕੀਤਾ ਅਤੇ ਪੁਲਿਸ ਨੂੰ ਰਣਨੀਤਕ, ਚੌਕਸ, ਅਨੁਕੂਲ, ਭਰੋਸੇਯੋਗ ਅਤੇ ਪਾਰਦਰਸ਼ੀ ਬਣਨ ਦਾ ਸੱਦਾ ਦਿਤਾ। ਸਮਾਰਟ ਪੁਲਿਸਿੰਗ ਦਾ ਵਿਚਾਰ ਪ੍ਰਧਾਨ ਮੰਤਰੀ ਨੇ 2014 ’ਚ ਗੁਹਾਟੀ ਦੀ ਇਕ ਕਾਨਫਰੰਸ ’ਚ ਪੇਸ਼ ਕੀਤਾ ਸੀ। ਇਸ ’ਚ ਭਾਰਤੀ ਪੁਲਿਸ ਨੂੰ ਸਖਤ ਅਤੇ ਸੰਵੇਦਨਸ਼ੀਲ, ਆਧੁਨਿਕ ਅਤੇ ਮੋਬਾਈਲ, ਸੁਚੇਤ ਅਤੇ ਜਵਾਬਦੇਹ, ਭਰੋਸੇਯੋਗ ਅਤੇ ਜਵਾਬਦੇਹ, ਤਕਨਾਲੋਜੀ-ਸਮਝਦਾਰ ਅਤੇ ਸਿਖਲਾਈ ਪ੍ਰਾਪਤ (ਸਮਾਰਟ) ਬਣਾਉਣ ਲਈ ਪ੍ਰਣਾਲੀਗਤ ਤਬਦੀਲੀਆਂ ਦੀ ਕਲਪਨਾ ਕੀਤੀ ਗਈ ਹੈ।
ਤਿੰਨ ਰੋਜ਼ਾ ਕਾਨਫਰੰਸ ’ਚ ਡਾਇਰੈਕਟਰ ਜਨਰਲ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਰੈਂਕ ਦੇ ਲਗਭਗ 250 ਅਧਿਕਾਰੀਆਂ ਨੇ ਨਿੱਜੀ ਤੌਰ ’ਤੇ ਹਿੱਸਾ ਲਿਆ, ਜਦਕਿ 750 ਤੋਂ ਵੱਧ ਅਧਿਕਾਰੀਆਂ ਨੇ ਵਰਚੁਅਲ ਮੋਡ ’ਚ ਹਿੱਸਾ ਲਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਉਨ੍ਹਾਂ ਲੋਕਾਂ ’ਚ ਸ਼ਾਮਲ ਸਨ ਜਿਨ੍ਹਾਂ ਨੇ ਕਾਨਫਰੰਸ ’ਚ ਹਿੱਸਾ ਲਿਆ।