
ਜਲਿਆਂਵਾਲਾ ਬਾਗ਼ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ
ਨਵੀਂ ਦਿੱਲੀ : ਲੋਕ ਸਭਾ 'ਚ ਸ਼ੁਕਰਵਾਰ ਨੂੰ ਜਲਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਦੇ ਟਰਸਟੀ ਅਹੁਦੇ ਤੋਂ ਕਾਂਗਰਸ ਪ੍ਰਧਾਨ ਦਾ ਨਾਂ ਹਟਾਉਣ ਦਾ ਬਿੱਲ ਪਾਸ ਹੋ ਗਿਆ ਹੈ। ਇਸ ਦੌਰਾਨ ਬਿੱਲ 'ਤੇ ਚਰਚਾ ਕਰਦਿਆਂ ਭਗਵੰਤ ਮਾਨ ਨੇ ਇਕ ਵਾਰ ਫਿਰ ਲੋਕ ਸਭਾ 'ਚ ਅਕਾਲੀ ਦਲ ਨੂੰ ਘੇਰਿਆ। ਭਗਵੰਤ ਮਾਨ ਨੇ ਕਿਹਾ ਕਿ ਜਲਿਆਂਵਾਲਾ ਬਾਗ਼ ਕਾਂਡ ਕੋਈ ਕਹਾਣੀ ਨਹੀਂ ਹੈ, ਸਗੋਂ ਤੱਥ ਹੈ।
Bhagwant Mann in lok sabha
ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ 100 ਸਾਲ ਪਹਿਲਾਂ 1919 'ਚ ਨੌਜਵਾਨ ਜਲਿਆਂਵਾਲੇ ਬਾਗ਼ 'ਚ ਇਸ ਕਰ ਕੇ ਇਕੱਠੇ ਹੋਏ ਸਨ ਕਿ ਕਿਵੇਂ ਅੰਗਰੇਜ਼ਾਂ ਨੂੰ ਦੇਸ਼ 'ਚੋਂ ਬਾਹਰ ਕੱਢਿਆ ਜਾਵੇ। ਅੱਜ 100 ਸਾਲ ਬਾਅਦ ਪੰਜਾਬ ਦੇ ਨੌਜਵਾਨ ਜਦੋਂ ਇਕੱਠੇ ਹੁੰਦੇ ਹਨ ਤਾਂ ਯੋਜਨਾ ਬਣਾਉਂਦੇ ਹਨ ਕਿ ਕਿਵੇਂ ਵਿਦੇਸ਼ਾਂ 'ਚ ਅੰਗਰੇਜ਼ਾਂ ਕੋਲ ਜਾਈਏ। ਉਨ੍ਹਾਂ ਕਿਹਾ ਕਿ ਜਲਿਆਂਵਾਲੇ ਬਾਗ਼ 'ਚ ਦਿੱਤੀ ਸ਼ਹਾਦਤ ਦਾ ਕੀ ਫ਼ਾਇਦਾ ਹੋਇਆ। ਗੋਰੇ ਅੰਗਰੇਜ਼ ਚਲੇ ਗਏ ਅਤੇ ਕਾਲੇ ਅੰਗਰੇਜ਼ ਆ ਗਏ। ਜਲਿਆਂਵਾਲੇ ਬਾਗ਼ 'ਚ ਕਿਸੇ ਪਾਰਟੀ ਦਾ ਨਹੀਂ, ਸਗੋਂ ਸਾਰਿਆਂ ਦਾ ਹੈ। ਇਸ ਨੂੰ ਅਕਾਲੀ, ਕਾਂਗਰਸ, ਭਾਜਪਾ ਤੋਂ ਆਜ਼ਾਦ ਕਰਵਾਇਆ ਜਾਵੇ। ਜਲਿਆਂਵਾਲਾ ਬਾਗ਼ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ ਹੈ।
Bhagwant Mann in lok sabha
ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਲਈ 22 ਸਾਲ ਇੰਤਜ਼ਾਰ ਕੀਤਾ। ਊਧਮ ਸਿੰਘ ਨੇ ਇੰਗਲੈਂਡ ਜਾ ਕੇ ਮਾਈਕਲ ਉਡਵਾਇਰ ਨੂੰ ਮਾਰ ਕੇ ਬਦਲਾ ਲਿਆ ਸੀ। ਦੇਸ਼ ਦੇ ਇਸ ਮਹਾਨ ਸ਼ਹੀਦ ਦੀ ਯਾਦ 'ਚ ਸੰਸਦ ਅੰਦਰ ਉਨ੍ਹਾਂ ਦਾ ਬੁੱਤ ਲਗਾਇਆ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਵਰਕਰ ਨੇ ਜੇਲ 'ਚੋਂ ਰਿਹਾਅ ਹੋਣ ਲਈ ਮਾਫ਼ੀ ਵਾਲੀਆਂ 25 ਚਿੱਠੀਆਂ ਲਿਖੀਆਂ ਸਨ ਪਰ ਊਧਮ ਸਿੰਘ ਨੇ ਕਦੇ ਮਾਫ਼ੀ ਨਹੀਂ ਮੰਗੀ।
Bhagwant Mann in lok sabha
ਭਗਵੰਤ ਮਾਨ ਨੇ ਹਰਸਿਰਮਤ ਬਾਦਲ ਨੂੰ ਘੇਰਦਿਆਂ ਕਿਹਾ ਕਿ ਜਿਸ ਦਿਨ ਮਾਈਕਲ ਉਡਵਾਇਰ ਨੇ ਜਲਿਆਂਵਾਲੇ ਬਾਗ਼ 'ਚ ਹਜ਼ਾਰਾਂ ਲੋਕਾਂ ਨੂੰ ਮਾਰਿਆ ਸੀ, ਉਸ ਰਾਤ ਦਾ ਖਾਣਾ ਹਰਸਿਮਰਤ ਬਾਦਲ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਖਾਧਾ ਸੀ। ਇਹ ਸੁਣਦਿਆਂ ਹੀ ਹਰਸਿਮਰਤ ਬਾਦਲ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਸ ਨੇ ਭਗਵੰਤ ਮਾਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।