ਜ਼ਿਆਦਾਤਰ ਐਗਜ਼ਿਟ ਪੋਲ ’ਚ ਭਾਜਪਾ ਦੇ ਜਿੱਤਣ ਦੀ ਭਵਿੱਖਬਾਣੀ
Rajasthan Assembly Election News in Punjabi: ਰਾਜਸਥਾਨ ਦੀ 199 ਮੈਂਬਰੀ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਐਤਵਾਰ ਨੂੰ ਹੋਵੇਗੀ। ਇਨ੍ਹਾਂ ਸੀਟਾਂ ’ਤੇ ਕੁਲ 1862 ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦਸਿਆ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ-2023 ਦੀਆਂ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ’ਤੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਗਏ ਹਨ। 3 ਦਸੰਬਰ ਨੂੰ ਸਾਰੇ ਕੇਂਦਰਾਂ ’ਤੇ ਸਵੇਰੇ 8 ਵਜੇ ਤੋਂ ਬੈਲਟ ਪੇਪਰ ਅਤੇ ਸਵੇਰੇ 8:30 ਵਜੇ ਤੋਂ ਈ.ਵੀ.ਐਮ. ਜ਼ਰੀਏ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਸੂਬੇ ’ਚ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਅਤੇ ਮੁੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਵਿਚਾਲੇ ਵੇਖਿਆ ਜਾ ਰਿਹਾ ਹੈ।
ਸਿਆਸੀ ਹਲਕਿਆਂ ’ਚ ਇਸ ਚੋਣ ਨੂੰ ਨਿਯਮ ਬਦਲਣ ਅਤੇ ‘ਰਿਵਾਜ’ ਦੀ ਲੜਾਈ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ’ਚ, ਰਵਾਇਤੀ ਤੌਰ ’ਤੇ, ਸੂਬੇ ਨੇ ਹਰ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਦਲੀ ਹੈ। ਕਦੇ ਕਾਂਗਰਸ, ਕਦੇ ਭਾਜਪਾ। ਭਾਜਪਾ ਨੂੰ ਹੋਰ ਚੀਜ਼ਾਂ ਦੇ ਨਾਲ-ਨਾਲ ਇਸ ‘ਰਿਵਾਜ’ ਤੋਂ ਬਹੁਤ ਉਮੀਦਾਂ ਹਨ, ਜਦਕਿ ਸੱਤਾਧਾਰੀ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਇਹ ‘ਪਰੰਪਰਾ’ ਬਦਲੇਗੀ ਅਤੇ ਉਸ ਦੀ ਸਰਕਾਰ ਮੁੜ ਬਣੇਗੀ। 30 ਨਵੰਬਰ ਨੂੰ ਚੋਣਾਂ ਤੋਂ ਬਾਅਦ ਦੇ ਅੰਦਾਜ਼ਿਆਂ ਤੋਂ ਬਾਅਦ ਸੱਤਾਧਾਰੀ ਕਾਂਗਰਸ ਅਤੇ ਮੁੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਦੋਵਾਂ ਦੇ ਸਰਕਾਰ ਬਣਾਉਣ ਦੀ ਉਮੀਦ ਹੈ। ਜ਼ਿਆਦਾਤਰ ਐਗਜ਼ਿਟ ਪੋਲ ’ਚ ਭਾਜਪਾ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਤਿੰਨ ਐਗਜ਼ਿਟ ਪੋਲ ’ਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ।
ਐਤਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਕੀ ਵੋਟਰਾਂ ਨੇ ਅਸ਼ੋਕ ਗਹਿਲੋਤ ਸਰਕਾਰ ਦੀ ਕਾਰਗੁਜ਼ਾਰੀ, ਇਸ ਦੀਆਂ ਚਰਚਿਤ ਲੋਕ ਭਲਾਈ ਯੋਜਨਾਵਾਂ ਅਤੇ ਸੱਤ ਗਰੰਟੀਆਂ ਦੇ ਵਾਅਦੇ ’ਤੇ ਭਰੋਸਾ ਕੀਤਾ ਹੈ ਜਾਂ ਕੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਜਾਦੂ’ ਅਤੇ ਭਾਜਪਾ ਦੇ ਹਿੰਦੂਤਵ ਏਜੰਡੇ ਤੋਂ ਪ੍ਰਭਾਵਤ ਸਨ। ਮੁੱਖ ਚੋਣ ਅਧਿਕਾਰੀ ਗੁਪਤਾ ਨੇ ਦਸਿਆ ਕਿ 199 ਵਿਧਾਨ ਸਭਾ ਹਲਕਿਆਂ ਦੇ ਸਾਰੇ 36 ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਲਈ 1121 ਸਹਾਇਕ ਚੋਣ ਅਧਿਕਾਰੀ (ਏ.ਆਰ.ਓਜ਼) ਤਾਇਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਜੈਪੁਰ, ਜੋਧਪੁਰ ਅਤੇ ਨਾਗੌਰ ’ਚ ਦੋ-ਦੋ ਕੇਂਦਰਾਂ ਅਤੇ ਬਾਕੀ 30 ਹਲਕਿਆਂ ’ਚ ਇਕ-ਇਕ ਕੇਂਦਰ ’ਤੇ ਹੋਵੇਗੀ।
ਗੁਪਤਾ ਨੇ ਦਸਿਆ ਕਿ 51890 ਪੋਲਿੰਗ ਸਟੇਸ਼ਨਾਂ ’ਤੇ ਈ.ਵੀ.ਐਮ. ’ਚ ਪ੍ਰਾਪਤ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ’ਤੇ 2524 ਟੇਬਲ ਲਗਾਏ ਗਏ ਹਨ। ਵੋਟਾਂ ਦੀ ਗਿਣਤੀ 4245 ਪੜਾਵਾਂ ’ਚ ਪੂਰੀ ਹੋਵੇਗੀ। ਸ਼ਿਵ ਵਿਧਾਨ ਸਭਾ ਹਲਕੇ ਲਈ ਵੋਟਾਂ ਦੀ ਗਿਣਤੀ ਵੱਧ ਤੋਂ ਵੱਧ 41 ਪੜਾਵਾਂ ’ਚ ਚੱਲੇਗੀ, ਜਦੋਂ ਕਿ ਅਜਮੇਰ ਦਖਣੀ ਲਈ ਵੋਟਾਂ ਦੀ ਗਿਣਤੀ 14 ਪੜਾਵਾਂ ’ਚ ਪੂਰੀ ਹੋਵੇਗੀ। ਅਧਿਕਾਰੀਆਂ ਨੇ ਦਸਿਆ ਕਿ ਗਿਣਤੀ ਕੇਂਦਰਾਂ ਅਤੇ ਆਸ ਪਾਸ ਦੇ ਇਲਾਕਿਆਂ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗਿਣਤੀ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਕੇਂਦਰੀ ਪੁਲਿਸ ਬਲਾਂ ਅਤੇ ਹੋਰਾਂ ਨੂੰ ਵੱਡੇ ਪੱਧਰ ’ਤੇ ਤਾਇਨਾਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦਸਿਆ ਕਿ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟਾਂ ਦੀ ਗਿਣਤੀ ਵਾਲੀ ਥਾਂ ’ਤੇ ਕੋਈ ਵਿਘਨ ਨਾ ਪਵੇ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਈ.ਵੀ.ਐਮ. ਦੀ ਸੁਰੱਖਿਆ ਲਈ ਕੇਂਦਰੀ ਪੁਲਿਸ ਬਲਾਂ ਦੀਆਂ 40 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਗਿਣਤੀ ਕੇਂਦਰਾਂ ’ਤੇ ਆਰ.ਏ.ਸੀ. ਦੀਆਂ 36 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਆਰ.ਏ.ਏ.ਸੀ. ਦੀਆਂ 99 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ।
ਸੂਬੇ ਦੀਆਂ 200 ’ਚੋਂ 199 ਸੀਟਾਂ ’ਤੇ 25 ਨਵੰਬਰ ਨੂੰ ਹੋਈਆਂ ਚੋਣਾਂ ’ਚ 75.45 ਫੀ ਸਦੀ ਵੋਟਿੰਗ ਹੋਈ ਸੀ। 2018 ਦੀਆਂ ਵਿਧਾਨ ਸਭਾ ਚੋਣਾਂ ’ਚ 74.71 ਫੀ ਸਦੀ ਵੋਟਿੰਗ ਹੋਈ ਸੀ, ਇਸ ਵਾਰ ਵੋਟਿੰਗ ’ਚ 0.73 ਫੀ ਸਦੀ ਦਾ ਵਾਧਾ ਹੋਇਆ ਹੈ। ਕਾਂਗਰਸ ਉਮੀਦਵਾਰ ਦੀ ਮੌਤ ਕਾਰਨ ਕਰਨਪੁਰ ਸੀਟ ’ਤੇ ਚੋਣ ਮੁਲਤਵੀ ਕਰ ਦਿਤੀ ਗਈ ਹੈ।
ਮੁੱਖ ਮੰਤਰੀ ਅਸ਼ੋਕ ਗਹਿਲੋਤ, ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ, ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ, ਮੰਤਰੀ ਸ਼ਾਂਤੀ ਧਾਰੀਵਾਲ, ਬੀ.ਡੀ. ਕੱਲਾ, ਭੰਵਰ ਸਿੰਘ ਭਾਟੀ, ਸਾਲੇਹ ਮੁਹੰਮਦ, ਮਮਤਾ ਭੁਪੇਸ਼, ਪ੍ਰਤਾਪ ਸਿੰਘ ਖਾਚਰੀਆਵਾਸ, ਰਾਜੇਂਦਰ ਯਾਦਵ, ਸ਼ਕੁੰਤਲਾ ਰਾਵਤ, ਉਦੈ ਲਾਲ ਅੰਜਨਾ, ਮਹਿੰਦਰਜੀਤ ਸਿੰਘ ਮਾਲਵੀਆ ਅਤੇ ਅਸ਼ੋਕ ਚਾਂਦਨਾ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਚੋਣ ਮੈਦਾਨ ’ਚ ਹਨ।
ਭਾਜਪਾ ਦੇ ਪ੍ਰਮੁੱਖ ਉਮੀਦਵਾਰਾਂ ’ਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ, ਵਿਰੋਧੀ ਧਿਰ ਦੇ ਉਪ ਨੇਤਾ ਸਤੀਸ਼ ਪੂਨੀਆ ਅਤੇ ਸੰਸਦ ਮੈਂਬਰ ਦੀਆ ਕੁਮਾਰੀ, ਰਾਜਵਰਧਨ ਰਾਠੌਰ, ਬਾਬਾ ਬਾਲਕਨਾਥ ਅਤੇ ਕਿਰੋੜੀ ਲਾਲ ਮੀਨਾ ਸ਼ਾਮਲ ਹਨ।
(For more news apart from Who will be the CM of Rajasthan, stay tuned to Rozana Spokesman)