
ਸਾਬਕਾ MP ਸੁਨੀਲ ਜਾਖੜ ਨੂੰ ਟਿਕਟ ਦੇ ਸਕਦੀ ਹੈ ਭਾਜਪਾ
ਚੰਡੀਗੜ੍ਹ: 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਗੁਰਦਾਸਪੁਰ ਦੇ ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਦਾ ਵਿਕਲਪ ਲੱਭਣਾ ਸੁਰੂ ਕਰ ਦਿੱਤਾ ਹੈ। ਹਲਕੇ ਦੇ ਲੋਕਾਂ ਨੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਆਪਣਾ ਸੰਸਦ ਮੈਂਬਰ ਨਹੀਂ ਦੇਖਿਆ ਹੈ। ਅਦਾਕਾਰ ਨੂੰ ਵੋਟ ਪਾਉਣ ਵਾਲੇ ਲੋਕ ਉਸ ਦੀ ਲੰਮੀ ਗੈਰਹਾਜ਼ਰੀ ਤੋਂ ਨਿਰਾਸ਼ ਦਿਖਾਈ ਦੇ ਰਹੇ ਹਨ।
ਉਹਨਾਂ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਹ "ਸ਼ਾਨ ਨਾਲ ਮੈਦਾਨ ਛੱਡਣਾ" ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਹਨਾਂ ਦਾ ਸਟਾਫ਼ ਕੁਝ ਮੁੱਖ ਪ੍ਰਾਜੈਕਟਾਂ ਨੂੰ ਕਲੀਅਰ ਕਰਨ ਲਈ ਓਵਰਟਾਈਮ ਕਰ ਰਿਹਾ ਹੈ। ਗੁਰਦਾਸਪੁਰ ਨੂੰ ਰਾਵੀ ਦੇ ਪਾਰ ਸਥਿਤ ਇਕ ਦਰਜਨ ਪਿੰਡਾਂ ਦੇ ਸਮੂਹ ਨਾਲ ਜੋੜਨ ਵਾਲੇ 800 ਮੀਟਰ ਲੰਬੇ ਕੰਕਰੀਟ ਪੁਲ ਦਾ ਨਿਰਮਾਣ ਅਜਿਹਾ ਹੀ ਇਕ ਪ੍ਰਾਜੈਕਟ ਹੈ। ਇਸ ਪ੍ਰੋਜੈਕਟ ਦੀ ਲਾਗਤ 100 ਕਰੋੜ ਰੁਪਏ ਹੈ। ਇਸ ਵਿਚਾਲੇ ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਟਿਕਟ ਮਿਲਣ ਦੀ ਵੀ ਚਰਚਾ ਹੈ।
ਇਕ ਸੀਨੀਅਰ ਆਗੂ ਨੇ ਕਿਹਾ ਕਿ, “ਜਦੋਂ ਨੇਤਾ ਉਮੀਦਵਾਰ ਦਾ ਫੈਸਲਾ ਕਰਨ ਲਈ ਇਕੱਠੇ ਬੈਠਣਗੇ ਤਾਂ ਇਕ ਐਮਪੀ ਵਜੋਂ ਉਹਨਾਂ ਦਾ 18 ਮਹੀਨਿਆਂ ਦਾ ਲੰਬਾ ਤਜਰਬਾ ਉਹਨਾਂ ਨੂੰ ਚੰਗੀ ਸਥਿਤੀ ਵਿਚ ਰੱਖੇਗਾ। ਇਕ ਸੰਸਦ ਮੈਂਬਰ ਵਜੋਂ ਉਹਨਾਂ ਨੇ ਰੇਲਵੇ ਨਾਲ ਸਹਿਯੋਗ ਕੀਤਾ ਅਤੇ ਪਠਾਨਕੋਟ ਸ਼ਹਿਰ ਦੇ ਗੁੰਝਲਦਾਰ ਰੇਲਵੇ ਕ੍ਰਾਸਿੰਗਾਂ ਦੀ ਸਮੱਸਿਆ ਵੀ ਹੱਲ ਹੋਣ ਦੀ ਕਗਾਰ 'ਤੇ ਸੀ। ਹਾਲਾਂਕਿ 2019 ਦੀਆਂ ਚੋਣਾਂ ਹਾਰਨ ਤੋਂ ਬਾਅਦ ਉਹਨਾਂ ਦੀ ਦਿਲਚਸਪੀ ਖਤਮ ਹੋ ਗਈ। ਨਹੀਂ ਤਾਂ ਸਮੱਸਿਆ ਦਾ ਹੱਲ ਹੋ ਜਾਣਾ ਸੀ ”।
ਦੱਸ ਦੇਈਏ ਕਿ ਸੁਨੀਲ ਜਾਖੜ 2017 ਦੀ ਜ਼ਿਮਨੀ ਚੋਣ ਵਿਚ ਸੰਸਦ ਮੈਂਬਰ ਚੁਣੇ ਗਏ ਸਨ। ਕਾਦੀਆਂ ਦੇ ਸਾਬਕਾ ਵਿਧਾਇਕ ਫਤਿਹ ਜੰਗ ਬਾਜਵਾ ਵੀ ਚੋਣ ਮੈਦਾਨ ਵਿਚ ਹਨ। ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਦਿੱਲੀ ਦੇ ਮਹੱਤਵਪੂਰਨ ਆਗੂਆਂ ਨਾਲ ਸ਼ਾਨਦਾਰ ਤਾਲਮੇਲ ਵਿਕਸਿਤ ਕੀਤਾ ਹੈ। ਪਠਾਨਕੋਟ ਦੇ ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਵੀ ਚਰਚਾ ਵਿਚ ਹਨ। ਰਾਜਨੀਤਿਕ ਵਿਸ਼ਲੇਸ਼ਕ ਡਾ. ਸਮਰੇਂਦਰ ਸ਼ਰਮਾ ਨੇ ਕਿਹਾ ਕਿ, “ਜੇਕਰ ਸ਼ਰਮਾ ਨੇ ਟਿਕਟ ਲਈ ਦਾਅਵਾ ਕਰਨਾ ਹੈ ਤਾਂ ਉਹਨਾਂ ਨੂੰ ਜੱਟ-ਸਿੱਖ ਬਹੁਗਿਣਤੀ ਵਾਲੀਆਂ ਸੀਟਾਂ 'ਤੇ ਆਪਣੀ ਪਹੁੰਚ ਵਧਾਉਣੀ ਚਾਹੀਦੀ ਹੈ”।