
ਮੰਤਰੀ ਮੰਡਲ ਮੁਲਾਜ਼ਮਾਂ ਬਾਰੇ ਵੀ ਵੱਡਾ ਫ਼ੈਸਲਾ ਲੈ ਕੇ ਦੇ ਸਕਦੈ ਦੀਵਾਲੀ ਦਾ ਤੋਹਫ਼ਾ
Bhagwant Mann News: ਲੁਧਿਆਣਾ ਵਿਚ ਹੋਈ ਮਹਾਂ ਬਹਿਸ ਦੇ ਪ੍ਰੋਗਰਾਮ ਵਿਚੋਂ ਕਿਨਾਰਾ ਕਰ ਜਾਣ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਹੁਣ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਵਿਚ ਘੇਰਨ ਦੀ ਤਿਆਰੀ ਸ਼ੁਰੂੁ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਛੇਤੀ ਹੀ ਇਸੇ ਮਹੀਨੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇਗਾ। ਭਾਵੇਂ ਰਾਜਪਾਲ ਵਲੋਂ ਦੋ ਦਿਨ ਦੇ ਸੈਸ਼ਨ ਨੂੰ ਗ਼ੈਰ ਕਾਨੂੰਨੀ ਕਰਾਰ ਦਿਤਾ ਗਿਆ ਸੀ ਪਰ ਸਰਕਾਰ ਵਲੋਂ ਇਹ ਸੈਸ਼ਨ ਵਿਚਾਲਿਉਂ ਹੀ ਇਕ ਦਿਨ ਵਿਚ ਖ਼ਤਮ ਕਰ ਕੇ ਬਿਨਾਂ ਕੋਈ ਬਿਲ ਪਾਸ ਕੀਤੇ ਮੁਲਤਵੀ ਕਰ ਦਿਤਾ ਗਿਆ ਸੀ।
ਮੁੱਖ ਮੰਤਰੀ ਨੇ ਰਾਜਪਾਲ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦੇਣ ਦਾ ਵੀ ਉਸ ਸਮੇਂ ਐਲਾਨ ਕਰ ਦਿਤਾ ਸੀ। ਹੁਣ ਸਰਕਾਰ ਮੁੱਖ ਮੰਤਰੀ ਦੇ ਐਲਾਨ ਮੁਤਾਬਕ ਸੁਪਰੀਮ ਕੋਰਟ ਜਾ ਚੁੱਕੀ ਹੈ। ਇਸ ਤੋਂ ਬਾਅਦ ਰਾਜਪਾਲ ਨੇ ਵੀ ਯੂ-ਟਰਨ ਲੈਂਦਿਆਂ ਕਾਨੂੰਨੀ ਲੜਾਈ ਤੋਂ ਬਚਣ ਲਈ ਰੋਕੇ ਬਿਲਾਂ ’ਤੇ ਵਿਚਾਰ ਕਰ ਕੇ ਇਨ੍ਹਾਂ ਨੂੰ ਮੰਜ਼ੂਰੀ ਦੇਣ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੋ ਮਨੀ ਬਿਲਾਂ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਇਨ੍ਹਾਂ ਨੂੰ ਪਹਿਲਾਂ ਰਾਜਪਾਲ ਨੇ ਸੈਸ਼ਨ ਗ਼ੈਰ ਕਾਨੂੰਨੀ ਦਸਦਿਆਂ ਮੰਜ਼ੂਰੀ ਨਹੀਂ ਸੀ ਦਿਤੀ। ਰਾਜਪਾਲ ਨੇ ਸਰਕਾਰ ਦੇ ਸੁਪਰੀਮ ਕੋਰਟ ਜਾਣ ਬਾਅਦ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਵੀ ਕਿਹਾ ਸੀ ਕਿ ਲੋਕ ਹਿਤ ਵਿਚ ਉਹ ਪੈਂਡਿੰਗ ਬਿਲਾਂ ਉਪਰ ਮੁੜ ਵਿਚਾਰ ਕਰਨਗੇ ਅਤੇ ਇਨ੍ਹਾਂ ਨੂੰ ਪਾਸ ਕਰਨ ਲਈ ਤਿਆਰ ਹਨ। ਇਸ ਤਰ੍ਹਾਂ ਹੁਣ ਸੈਸ਼ਨ ਬੁਲਾਏ ਜਾਣ ਲਈ ਰਾਹ ਪਧਰਾ ਹੋ ਗਿਆ ਹੈ ਅਤੇ ਸਰਕਾਰ ਨੇ ਵੀ ਇਸ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿਤਾ ਹੈ।
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ 6 ਨਵੰਬਰ ਨੂੰ ਬੁਲਾ ਲਈ ਹੈ। ਭਾਵੇਂ ਇਸ ਮੀਟਿੰਗ ਦਾ ਏਜੰਡਾ ਹਾਲੇ ਤੈਅ ਨਹੀਂ ਪਰ ਇਹ ਮੀਟਿੰਗ ਇਸ ਦਿਨ ਸਵੇਰੇ ਸਕੱਤਰੇਤ ਵਿਚ ਸੱਦੀ ਗਈ ਹੈ। ਇਸ ਮੀਟਿੰਗ ਵਿਚ ਰਾਜਪਾਲ ਦੇ ਬਦਲੇ ਰੁਖ਼ ਬਾਅਦ ਵਿਧਾਨ ਸਭਾ ਦਾ ਮੁਲਤਵੀ ਸੈਸ਼ਨ ਮੁੜ ਬੁਲਾਉਣ ਬਾਰੇ ਵਿਚਾਰ ਕਰ ਕੇ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਮੀਟਿੰਗ ਵਿਚ ਸਰਕਾਰ ਮੁਲਾਜ਼ਮਾਂ ਦੇ ਮਾਮਲਿਆਂ ਬਾਰੇ ਵੀ ਕੋਈ ਅਹਿਮ ਫ਼ੈਸਲਾ ਲੈ ਕੇ ਦੀਵਾਲੀ ਤੋਂ ਪਹਿਲਾਂ ਤੋਹਫ਼ੇ ਦੇ ਸਕਦੀ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਮੁੱਦਾ ਵੀ ਵਿਚਾਰਅਧੀਨ ਹੈੈ। ਭਾਵੇਂ ਲੁਧਿਆਣੇ ਬਹਿਸ ਤੋਂ ਤਾਂ ਵਿਰੋਧੀ ਪਾਰਟੀਆਂ ਵਾਲੇ ਬਹਾਨੇ ਲਗਾ ਕੇ ਪਾਸੇ ਹੋ ਗਏ ਸਨ ਪਰ ਵਿਧਾਨ ਸਭਾ ਵਿਚ ਵਿਰੋਧੀ ਸੱਤਾਧਿਰ ਦੇ ਘੇਰੇ ਵਿਚ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਬਹਿਸ ਲਈ ਵਿਰੋਧੀ ਆਗੂਆਂ ਦੀ ਮੁੱਖ ਮੰਗ ਐਸ.ਵਾਈ.ਐਲ ’ਤੇ ਚਰਚਾ ਦੀ ਸੀ ਅਤੇ ਹੁਣ ਇਹ ਵਿਸ਼ਾ ਵਿਧਾਨ ਸਭਾ ਸੈਸ਼ਨ ਵਿਚ ਲਿਆਂਦਾ ਜਾ ਸਕਦਾ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਚ ਬੋਲਦਿਆਂ ਤੱਥਾਂ ਤੇ ਦਸਤਾਵੇਜ਼ਾਂ ਸਮੇਤ ਅਕਾਲੀ ਦਲ ਬਾਦਲ ਤੇ ਕਾਂਗਰਸ ਸਰਕਾਰਾਂ ਦੀ ਭੂਮਿਕਾ ਨੂੰ ਸਾਹਮਣੇ ਲਿਆਂਦਾ ਹੈ, ਇਸੇ ਆਧਾਰ ’ਤੇ ਵਿਧਾਨ ਸਭਾ ਵਿਚ ਵੱਡੀ ਤੇ ਦਿਲਚਸਪ ਬਹਿਸ ਹੋ ਸਕਦੀ ਹੈ। ਵਿਰੋਧੀ ਆਗੂ ਵਿਧਾਨ ਸਭਾ ਵਿਚ ਬਹਿਸ ਦੀ ਵੀ ਵਾਰ-ਵਾਰ ਮੰਗ ਕਰਦੇ ਹਨ ਅਤੇ ਉਹ ਫਿਰ ਵਿਧਾਨ ਸਭਾ ਵਿਚੋਂ ਲੁਧਿਆਣੇ ਵਾਂਗ ਬਹਾਨੇ ਬਣਾ ਕੇ ਭੱਜ ਨਹੀਂ ਸਕਣਗੇ।