
ਬੁੰਦੇਲਖੰਡ ਦੇ ਮਹਾਰਾਜਪੁਰ, ਛਤਰਪੁਰ ਨਗਰ ਅਤੇ ਬਿਜਾਵਰ ਵਿਧਾਨ ਸਭਾ ਹਲਕੇ ਵਿਚ 'ਆਪ' ਉਮੀਦਵਾਰਾਂ ਨਾਲ ਵੱਖ-ਵੱਖ ਥਾਵਾਂ 'ਤੇ ਕੀਤਾ ਰੋਡ ਸ਼ੋਅ
Chief Minister Bhagwant Mann News in Punjabi: ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ 'ਆਪ' ਉਮੀਦਵਾਰਾਂ ਦੇ ਨਾਲ ਬੁੰਦੇਲਖੰਡ ਖੇਤਰ ਦੇ ਮਹਾਰਾਜਪੁਰ, ਛਤਰਪੁਰ ਨਗਰ ਅਤੇ ਬਿਜਾਵਰ ਵਿਧਾਨ ਸਭਾ ਹਲਕਿਆਂ 'ਚ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ।
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਦਿੱਲੀ ਅਤੇ ਪੰਜਾਬ 'ਚ ਕੰਮ ਕੀਤਾ ਹੈ, ਸਰਕਾਰ ਬਣਨ ਤੋਂ ਬਾਅਦ ਇੱਥੇ ਵੀ ਉਸੇ ਤਰ੍ਹਾਂ ਕੰਮ ਕਰਾਂਗੇ। ਇੱਥੇ ਵੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ। ਅਸੀਂ ਬੇਹਤਰ ਇਲਾਜ ਲਈ ਮੁਹੱਲਾ ਕਲੀਨਿਕ ਬਣਾਵਾਂਗੇ ਅਤੇ ਬੱਚਿਆਂ ਦੀ ਪੜ੍ਹਾਈ ਲਈ ਚੰਗੇ ਸਰਕਾਰੀ ਸਕੂਲ ਬਣਾਵਾਂਗੇ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਾਰੰਟੀ ਭਾਜਪਾ ਦੀ ਤਰਾਂ ਜੁਮਲਾ ਨਹੀਂ ਹੁੰਦੀ। ਅਸੀਂ ਜੋ ਵਾਅਦਾ ਕਰਦੇ ਹਾਂ ਉਹ ਪੂਰਾ ਕਰਦੇ ਹਾਂ. ਅਸੀਂ ਦਿੱਲੀ ਅਤੇ ਪੰਜਾਬ ਵਿੱਚ ਜੋ ਵੀ ਵਾਅਦੇ ਕੀਤੇ, ਉਹ ਪੂਰੇ ਕੀਤੇ। ਅੱਜ ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹਨ।
ਮਾਨ ਨੇ ਕਿਹਾ ਕਿ ਪਿਛਲੇ ਡੇਢ ਸਾਲ ਵਿੱਚ ਅਸੀਂ ਪੰਜਾਬ ਵਿੱਚ 700 ਦੇ ਕਰੀਬ ਮੁਹੱਲਾ ਕਲੀਨਿਕ ਖੋਲ੍ਹੇ ਹਨ ਜਿਸ ਵਿੱਚ ਹੁਣ ਤੱਕ 60 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਅਸੀਂ ਪੰਜਾਬ ਵਿੱਚ ‘ਸਕੂਲ ਆਫ਼ ਐਮੀਨੈਂਸ’ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ 37000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਮਾਨ ਨੇ ਕਿਹਾ ਕਿ ਸਾਡੀ ਰਾਜਨੀਤੀ ਦਾ ਉਦੇਸ਼ ਹੈ ਕਿ ਕਿਸੇ ਵੀ ਵਿਅਕਤੀ ਨੂੰ ਦੋ ਵਕਤ ਦੀ ਰੋਟੀ ਲਈ ਵੀ ਸੋਚਣਾ ਨਾ ਪਵੇ। ਲੋਕਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਇਲਾਜ ਲਈ ਪੈਸੇ ਦੇਣ ਲਈ ਮਜਬੂਰ ਨਾ ਹੋਣਾ ਪਵੇ। ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਚੰਗੀ ਸਿੱਖਿਆ ਅਤੇ ਚੰਗੀ ਡਾਕਟਰੀ ਸਹੂਲਤਾਂ ਮੁਫ਼ਤ ਉਪਲਬਧ ਹੋਣਗੀਆਂ।
ਭਾਜਪਾ ਅਤੇ ਕਾਂਗਰਸ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਦੋਵੇਂ ਪਾਰਟੀਆਂ ਸਾਢੇ ਚਾਰ ਸਾਲ ਲੋਕਾਂ ਨੂੰ ਲੁੱਟਦੀਆਂ ਹਨ ਅਤੇ ਚੋਣਾਂ ਤੋਂ ਛੇ ਮਹੀਨੇ ਪਹਿਲੇ ਕੋਈ ਨਾ ਕੋਈ ਕੰਮ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ 200 ਸਾਲ ਮਿਲ ਕੇ ਭਾਰਤ ਨੂੰ ਲੁੱਟਿਆ। ਜਦਕਿ ਕਾਂਗਰਸ ਅਤੇ ਭਾਜਪਾ ਪੰਜ-ਪੰਜ ਸਾਲ ਦੀਆਂ ਕਿਸ਼ਤਾਂ ਵਿੱਚ ਦੇਸ਼ ਨੂੰ ਲੁੱਟ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ 'ਚ ਆਪਣੇ 18 ਸਾਲਾਂ ਦੇ ਸ਼ਾਸਨ ਦੌਰਾਨ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ ਮੱਧ ਪ੍ਰਦੇਸ਼ ਨੂੰ ਬਹੁਤ ਲੁੱਟਿਆ ਅਤੇ ਆਪਣਾ ਖਜ਼ਾਨਾ ਭਰਿਆ। ਹੁਣ ਦਿੱਲੀ ਅਤੇ ਪੰਜਾਬ ਵਾਂਗ ਮੱਧ ਪ੍ਰਦੇਸ਼ ਦੇ ਲੋਕ ਇੱਥੇ ਵੀ ਬਦਲਾਅ ਚਾਹੁੰਦੇ ਹਨ ਅਤੇ ਬਦਲਾਅ ਦਾ ਮਤਲਬ ਹੈ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ।
(For more latest news in Punjabi apart from Chief Minister Bhagwant Mann campaigns for 'AAP' candidates in Madhya Pradesh, Stay Tuned to Rozana Spokesman)