
ਜੋ ਭਾਜਪਾ ਹੁਣ ਕਰ ਰਹੀ ਹੈ, ਸੱਤਾ ’ਚ ਰਹਿੰਦਿਆਂ ਕਾਂਗਰਸ ਨੇ ਵੀ ਓਹੀ ਕੀਤਾ- ਹਰੁਪਾਲ ਚੀਮਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵੱਲੋਂ ਇਕ ਦੂਜੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਗਵਰਨਰ ਦਫ਼ਤਰ ਦਾ ਨਾਮ ਵਰਤਕੇ ਦੋਵੇਂ ਧਿਰਾਂ ਕਿਸਾਨ ਅੰਦੋਲਨ ਤੋਂ ਧਿਆਨ ਭਟਕਾਉਣਾ ਚਾਹੁੰਦੀਆਂ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਉੱਤੇ ਗਰਵਰਨਰ ਦਫ਼ਤਰ ਨੂੰ ਵਰਤਣ ਸਬੰਧੀ ਬਿਆਨ ਦੇ ਰਹੇ ਹਨ ਪ੍ਰੰਤੂ ਕਾਂਗਰਸ ਵੀ ਸੱਤਾ ’ਚ ਰਹਿੰਦਿਆਂ ਉਹੀ ਕਰਦੀ ਰਹੀ ਹੈ ਜੋ ਹੁਣ ਭਾਜਪਾ ਕਰ ਰਹੀ ਹੈ।
Capt. Amrinder Singh
ਉਹਨਾਂ ਕਿਹਾ ਕਿ ਅਸਲ ਵਿੱਚ ਦੋਵੇਂ ਪਾਰਟੀਆਂ ਹੀ ਆਪਣੀ ਇਕੋ ਨੀਤੀ ਦੇ ਤਹਿਤ ਇਹ ਬਿਆਨਬਾਜ਼ੀ ਕਰ ਰਹੀਆਂ ਹਨ ਕਿ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਵਿਚੋਂ ਕੱਢਕੇ ਅਜਿਹੀ ਹੋਸ਼ੀ ਬਿਆਨਬਾਜ਼ੀ ਵਿੱਚ ਲਗਾਇਆ ਜਾਵੇ। ਚੀਮਾ ਨੇ ਕਿਹਾ ਕਿ ਜੋ ਕੈਪਟਨ ਹੁਣ ਸੂਬੇ ਦੇ ਕੰਮਾਂ ’ਚ ਕੇਂਦਰ ਦੀ ਦਖਲਅੰਦਾਜੀ ਦਾ ਵਾਸਤਾ ਪਾ ਰਹੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਸ਼ੁਰੂਆਤ ਕਾਂਗਰਸ ਨੇ ਆਪਣੇ ਸੱਤਾ ਵਿੱਚ ਰਹਿੰਦਿਆਂ ਕੀਤੀ ਸੀ। ਉਹਨਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਆਪਸ ਵਿੱਚ ਮਿਲੇ ਹੋਏ ਹਨ ਜੋ ਵਾਰੀ ਵਾਰੀ ਇਹੋ ਕੁਝ ਕਰਦੀਆਂ ਆ ਰਹੀਆਂ ਹਨ।
Capt. Amrinder Singh- Harpal Singh Cheema
ਉਹਨਾਂ ਕਿਹਾ ਕਿ ਹੁਣ ਮੋਦੀ ਦੇ ਇਸ਼ਾਰੇ ’ਤੇ ਚਲਦਿਆਂ ਲਾਅ ਐਂਡ ਆਰਡਰ ਦੇ ਨਾਤੇ ਹੁਣ ਗਵਰਨਰ ਵੀ ਇਸ ਮੁਹਿੰਮ ’ਚ ਕੁੱਦ ਪਏ ਹਨ ਕਿ ਕਿਵੇਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਦੇ ਹੋਏ ਫੇਲ ਕੀਤਾ ਜਾਵੇ। ਉਹਨਾਂ ਕਿਹਾ ਕਿ ਮੋਦੀ ਦੀ ਨੀਤੀ ਉੱਤੇ ਚਲਦੇ ਹੋਏ ਪੰਜਾਬ ਦੇ ਗਵਰਨਰ ਕਿਸਾਨ ਅੰਦੋਲਨ ਤੋਂ ਪੰਜਾਬ ਵਾਸੀਆਂ ਦਾ ਧਿਆਨ ਭੜਕਾਉਣ ਲਈ ਐਨੀ ਗੰਭੀਰਤਾ ਦਿਖਾ ਰਹੇ ਹਨ, ਉਦੋਂ ਕਿਉਂ ਨਹੀਂ ਦਿਖਾਈ ਜਦੋਂ ਮਾਝੇ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ, ਜਦੋਂ ਐੱਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਸੈਂਕੜੇ ਨੌਜਵਾਨ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ, ਗਵਰਨਰ ਸਾਹਿਬ ਨੇ ਉਦੋਂ ਪੰਜਾਬ ਦੇ ਅਧਿਕਾਰੀਆਂ ਨੂੰ ਕਿਉਂ ਨਹੀਂ ਬੁਲਾਉਂਦੇ ਜਦੋਂ ਰੁਜ਼ਗਾਰ ਮੰਗਣ ਉੱਤੇ ਨੌਜਵਾਨ ਲੜਕੇ ਲੜਕੀਆਂ ਦੀ ਪੰਜਾਬ ਪੁਲਿਸ ਵੱਲੋਂ ਅੰਨੇਵਾਹ ਮਾਰਕੁੱਟ ਕੀਤੀ ਜਾਂਦੀ ਹੈ।
Farmer
ਉਹਨਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਦਾ ਕਿਸਾਨ ਆਪਣੀ ਹੋਂਦ ਬਚਾਉਣ ਲਈ ਦਿਨ ਰਾਤ ਸੜਕਾਂ ਉੱਤੇ ਅੰਦੋਲਨ ਕਰ ਰਿਹਾ ਹੈ, ਗਵਰਨਰ ਸਾਹਿਬ ਨੇ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਕਿਉਂ ਨਹੀਂ ਉਠਾਇਆ ਕਿ ਮੇਰੇ ਸੂਬੇ ਦੇ ਕਿਸਾਨ ਮੁਸੀਬਤ ਵਿੱਚ ਹਨ। ‘ਆਪ’ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਹੁੰਦੇ ਹੋਏ ਆਪਣੀ ਜਮੀਰ ਦੀ ਸੁਣਦਿਆਂ ਕਿਸਾਨਾਂ ਦਾ ਸਾਥ ਦੇਣ।
Harpal Singh Cheema
ਉਹਨਾਂ ਕਿਹਾ ਕਿ ਕੈਪਟਨ ਭਾਜਪਾ ਆਗੂਆਂ ਦੇ ਇਸ਼ਾਰੇ ’ਤੇ ਕੰਮ ਕਰਨਾ ਛੱਡਕੇ ਅੱਜ ਪੰਜਾਬ ਦੇ ਲੋਕਾਂ ਨਾਲ ਖੜਨ। ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੈਪਟਨ ਸਰਕਾਰ ਪੁਲਿਸ ਹੱਥੋਂ ਕਿਸਾਨਾਂ ਦੀ ਮਾਰਕੁੱਟ ਕਰਾਉਣਾ ਬੰਦ ਕਰੇ। ਪੁਲਿਸ ਵੱਲੋਂ ਕਿਸਾਨਾਂ ਉੱਤੇ ਦਰਜ ਕੀਤੇ ਜਾ ਰਹੇ ਪੁਲਿਸ ਕੇਸ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ, ਪੁੱਤ ਮੋਹ ਦੇ ਚਲਦਿਆਂ ਈਡੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਹੀ ਉਹ ਅਜਿਹੀਆਂ ਹੋਸ਼ੀਆਂ ਬਿਆਨਬਾਜ਼ੀਆਂ, ਕਿਸਾਨਾਂ ਉੱਤੇ ਲਾਠੀਚਾਰਜ ਅਤੇ ਝੂਠੇ ਪਰਚੇ ਦਰਜ ਕਰਾਉਣ ਦੀ ਮੁਹਿੰਮ ਚਲਾ ਰਹੇ ਹਨ।