ਪੁਲਿਸ ਦੀ ਕਾਰਵਾਈ ਮੇਰੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ : ਰਾਹੁਲ ਗਾਂਧੀ
ਗਾਜ਼ੀਆਬਾਦ : ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਬੁਧਵਾਰ ਨੂੰ ਦਿੱਲੀ-ਗਾਜ਼ੀਪੁਰ ਸਰਹੱਦ ’ਤੇ ਉਸ ਸਮੇਂ ਰੋਕ ਦਿਤਾ ਗਿਆ ਜਦੋਂ ਉਹ ਉੱਤਰ ਪ੍ਰਦੇਸ਼ ਦੇ ਸੰਭਲ ’ਚ ਹਿੰਸਾ ਪੀੜਤਾਂ ਨੂੰ ਮਿਲਣ ਜਾ ਰਹੇ ਸਨ। ਰਾਹੁਲ ਨੇ ਪੁਲਿਸ ਦੀ ਕਾਰਵਾਈ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਅਪਣੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਾਰ ਦਿਤਾ।
ਪੁਲਿਸ ਅਤੇ ਕਾਂਗਰਸ ਵਰਕਰਾਂ ਵਿਚਾਲੇ ਲੰਮੀ ਬਹਿਸ ਤੋਂ ਬਾਅਦ ਵੀ ਜਦੋਂ ਗੱਲ ਨਹੀਂ ਬਣੀ ਤਾਂ ਰਾਹੁਲ ਕਰੀਬ ਦੋ ਘੰਟੇ ਬਾਅਦ ਦਿੱਲੀ ਪਰਤ ਆਏ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਅਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਪੁਲਿਸ ’ਤੇ ਦਬਾਅ ਪਾ ਰਹੀ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਭਾਜਪਾ ਸੱਚਾਈ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਕਿਉਂ ਦਬਾ ਰਹੀ ਹੈ? ਰਾਹੁਲ ਦੇ ਕਾਫਲੇ ਨੂੰ ਰੋਕ ਦਿਤਾ ਗਿਆ ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਲੰਮਾ ਟਰੈਫਿਕ ਜਾਮ ਹੋ ਗਿਆ ਅਤੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦਿੱਲੀ-ਗਾਜ਼ੀਪੁਰ ਸਰਹੱਦ ’ਤੇ ਪੁਲਿਸ ਵਲੋਂ ਰੋਕੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਸੰਭਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪੁਲਿਸ ਇਨਕਾਰ ਕਰ ਰਹੀ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਜਾਣਾ ਮੇਰਾ ਅਧਿਕਾਰ ਹੈ ਪਰ ਫਿਰ ਵੀ ਉਹ ਮੈਨੂੰ ਰੋਕ ਰਹੇ ਹਨ। ਇਹ ਲੋਕ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਬਣਨ ਦੇ ਮੇਰੇ ਅਧਿਕਾਰ ਦੇ ਵਿਰੁਧ ਹੈ।’’
ਉਨ੍ਹਾਂ ਕਿਹਾ, ‘‘ਮੈਂ ਕਿਹਾ ਹੈ ਕਿ ਮੈਂ ਇਕੱਲਾ ਜਾਣ ਲਈ ਤਿਆਰ ਹਾਂ, ਪੁਲਿਸ ਨਾਲ ਜਾਣ ਲਈ ਤਿਆਰ ਹਾਂ, ਪਰ ਉਨ੍ਹਾਂ ਨੇ ਇਹ ਨਹੀਂ ਸੁਣਿਆ ਅਤੇ ਹੁਣ ਉਹ ਕਹਿ ਰਹੇ ਹਨ ਕਿ ਕੁੱਝ ਦਿਨਾਂ ਬਾਅਦ ਉਹ ਸਾਨੂੰ ਜਾਣ ਦੇਣਗੇ।’’
ਸੰਵਿਧਾਨ ਦੀ ਕਾਪੀ ਵਿਖਾਉਂਦੇ ਹੋਏ ਰਾਹੁਲ ਨੇ ਕਿਹਾ, ‘‘ਇਹ (ਸੰਭਲ ਜਾਣ ਤੋਂ ਰੋਕਿਆ ਜਾਣਾ) ਲੋਕਤੰਤਰ ਦੇ ਵਿਰੁਧ ਹੈ। ਅਸੀਂ ਸੰਭਲ ਜਾਣਾ ਚਾਹੁੰਦੇ ਹਾਂ ਅਤੇ ਵੇਖਣਾ ਚਾਹੁੰਦੇ ਹਾਂ ਕਿ ਉੱਥੇ ਕੀ ਹੋਇਆ। ਅਸੀਂ ਲੋਕਾਂ ਨੂੰ ਮਿਲਣਾ ਚਾਹੁੰਦੇ ਹਾਂ ਪਰ ਮੈਨੂੰ ਮੇਰੇ ਸੰਵਿਧਾਨਕ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਹ ਸੰਵਿਧਾਨ ਨੂੰ ਖ਼ਤਮ ਕਰਨ ਵਾਲਾ ਹਿੰਦੁਸਤਾਨ ਹੈ। ਅੰਬੇਡਕਰ ਜੀ ਦੇ ਸੰਵਿਧਾਨ ਨੂੰ ਖ਼ਤਮ ਕਰਨ ਵਾਲਾ ਹਿੰਦੁਸਤਾਨ ਹੈ। ਪਰ ਅਸੀਂ ਲੜਦੇ ਰਹਾਂਗੇ।’’
ਰਾਹੁਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਵੀ ਇਕ ਪੋਸਟ ਕੀਤਾ, ‘‘ਪੁਲਿਸ ਨੇ ਸਾਨੂੰ ਸੰਭਲ ਜਾਣ ਤੋਂ ਰੋਕ ਦਿਤਾ। ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਉੱਥੇ ਜਾਣਾ ਮੇਰਾ ਅਧਿਕਾਰ ਅਤੇ ਫਰਜ਼ ਹੈ। ਫਿਰ ਵੀ ਮੈਨੂੰ ਰੋਕ ਦਿਤਾ ਗਿਆ। ਮੈਂ ਇਕੱਲੇ ਜਾਣ ਲਈ ਤਿਆਰ ਹਾਂ, ਪਰ ਉਹ ਵੀ ਇਸ ਲਈ ਸਹਿਮਤ ਨਹੀਂ ਹੋਏ। ਇਹ ਸੰਵਿਧਾਨ ਦੇ ਵਿਰੁਧ ਹੈ।’’
ਉਨ੍ਹਾਂ ਕਿਹਾ, ‘‘ਭਾਜਪਾ ਕਿਉਂ ਡਰੀ ਹੋਈ ਹੈ? ਪੁਲਿਸ ਅਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ, ਸੱਚਾਈ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ?’’
ਦੂਜੇ ਪਾਸੇ ਗਾਜ਼ੀਆਬਾਦ ਦੇ ਪੁਲਿਸ ਕਮਿਸ਼ਨਰ ਅਜੇ ਕੁਮਾਰ ਮਿਸ਼ਰਾ ਨੇ ਦਸਿਆ ਕਿ ਸੰਭਲ ’ਚ ਸ਼ਾਂਤੀ ਬਣਾਈ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ ਦੀ ਧਾਰਾ 163 (ਮਨਾਹੀ ਦੇ ਹੁਕਮ) 31 ਦਸੰਬਰ ਤਕ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੰਭਲ ’ਚ ਬਾਹਰੀ ਲੋਕਾਂ ਦੇ ਦਾਖਲੇ ’ਤੇ ਲੱਗੀ ਪਾਬੰਦੀ ਸਨਿਚਰਵਾਰ ਨੂੰ ਖਤਮ ਹੋ ਰਹੀ ਸੀ, ਜਿਸ ਨੂੰ ਜ਼ਿਲ੍ਹਾ ਮੈਜਿਸਟਰੇਟ ਨੇ 10 ਦਸੰਬਰ ਤਕ ਵਧਾ ਦਿਤਾ ਹੈ।
ਇਸ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ ਮੋਨਾ ਨੇ ਲਖਨਊ ’ਚ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੂੰ ਨਜ਼ਰਬੰਦ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੰਭਲ ਦੀ ਇਕ ਅਦਾਲਤ ਨੇ 19 ਨਵੰਬਰ ਨੂੰ ਸ਼ਹਿਰ ਦੇ ਕੋਟ ਪੂਰਬੀ ਇਲਾਕੇ ਵਿਚ ਮੁਗਲ ਕਾਲ ਦੀ ਜਾਮਾ ਮਸਜਿਦ ਦਾ ਸਰਵੇਖਣ ਕਰਨ ਦਾ ਹੁਕਮ ਦਿਤਾ ਸੀ ਅਤੇ ਉਸੇ ਦਿਨ ਇਕ ਟੀਮ ਨੇ ਇਸ ਦਾ ਸਰਵੇਖਣ ਕੀਤਾ ਸੀ, ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ।
ਭਾਜਪਾ ਨੇ ਰਾਹੁਲ ਦੇ ਸੰਭਲ ਦੌਰੇ ਨੂੰ ਮੁਸਲਿਮ ਵੋਟ ਬੈਂਕ ਦੀ ਸਿਆਸਤ ਕਰਾਰ ਦਿਤਾ
ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਰਾਹੁਲ ਗਾਂਧੀ ਦੇ ਸੰਭਲ ਦੌਰੇ ਨੂੰ ‘ਮੁਸਲਿਮ ਵੋਟ ਬੈਂਕ’ ਦੀ ਸਿਆਸਤ ਕਰਾਰ ਦਿੰਦੇ ਹੋਏ ਲਖਨਊ ’ਚ ਪੱਤਰਕਾਰਾਂ ਨੂੰ ਕਿਹਾ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਦੋਵੇਂ ‘ਨਾਟਕਬਾਜ਼ੀ’ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਅਖਿਲੇਸ਼ ਅਤੇ ਰਾਹੁਲ ਦੋਵੇਂ ਮੁਸਲਿਮ ਵੋਟ ਬੈਂਕ ਦੀ ਸਿਆਸਤ ਕਰ ਰਹੇ ਹਨ। ਉਹ ਨਾਟਕਬਾਜ਼ੀ ਰਹੇ ਹਨ। ਸਪਾ ਅਤੇ ਕਾਂਗਰਸ ਦਾ ਪਤਨ ਯਕੀਨੀ ਹੈ। ਸਮਾਜਵਾਦੀ ਪਾਰਟੀ ਸਮਾਪਤਵਾਦੀ ਪਾਰਟੀ ਬਣ ਜਾਵੇਗੀ ਅਤੇ ਕਾਂਗਰਸ ਮੁਕਤ ਭਾਰਤ ਹੋਵੇਗਾ।’’ ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਸੰਭਲ ’ਚ ਹਿੰਸਾ ਸਮਾਜਵਾਦੀ ਪਾਰਟੀ ਵਿਧਾਇਕ ਅਤੇ ਸੰਸਦ ਮੈਂਬਰ ਵਿਚਕਾਰ ਦੁਸ਼ਮਣੀ ਦਾ ਨਤੀਜਾ ਹੈ।’’ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਇਸ ਮਾਮਲੇ ਦੀ ਸੁਤੰਤਰ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਧਿਰ ਨੂੰ ਸੰਭਲ ’ਚ ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਭਾਜਪਾ ਨੇ ਸੰਵਿਧਾਨ ਦੀ ਉਲੰਘਣਾ ਕੀਤੀ, ਪੂਜਾ ਸਥਾਨ ਕਾਨੂੰਨ ਨੂੰ ਤਾਰ-ਤਾਰ ਕੀਤਾ : ਖੜਗੇ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁਧਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਅਹੁਦਾ ਸੰਭਾਲਣ ਤੋਂ ਰੋਕਣ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਲਾਉਂਦੇ ਹੋਏ ਦੋਸ਼ ਲਾਇਆ ਕਿ ਸੰਵਿਧਾਨ ਨੂੰ ਵੰਡਪਾਊ ਏਜੰਡੇ ਨਾਲ ਕੁਚਲਿਆ ਜਾ ਰਿਹਾ ਹੈ ਅਤੇ ਪੂਜਾ ਸਥਾਨ ਕਾਨੂੰਨ ਨੂੰ ਤਾਰ-ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਭਾਜਪਾ-ਆਰ.ਐਸ.ਐਸ. ਅਪਣੇ ਵੰਡਪਾਊ ਏਜੰਡੇ ਨਾਲ ਸੰਵਿਧਾਨ ਨੂੰ ਕੁਚਲਣ ’ਚ ਰੁੱਝੇ ਹੋਏ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੰਭਲ ’ਚ ਪੀੜਤ ਪਰਵਾਰਾਂ ਨੂੰ ਮਿਲਣ ਤੋਂ ਰੋਕਣਾ ਇਸ ਨੁਕਤੇ ਨੂੰ ਸਾਬਤ ਕਰਦਾ ਹੈ।’’
ਉਨ੍ਹਾਂ ਕਿਹਾ, ‘‘ਦੋ ਭਾਈਚਾਰਿਆਂ ਵਿਚਾਲੇ ਨਫ਼ਰਤ ਪੈਦਾ ਕਰਨਾ ਭਾਜਪਾ-ਆਰ.ਐਸ.ਐਸ. ਦੀ ਇਕੋ ਇਕ ਵਿਚਾਰਧਾਰਾ ਹੈ, ਜਿਸ ਲਈ ਉਨ੍ਹਾਂ ਨੇ ਨਾ ਸਿਰਫ ਸੰਵਿਧਾਨ ਵਲੋਂ ਪਾਸ ਕੀਤੇ ਪੂਜਾ ਸਥਾਨ ਐਕਟ ਦੀ ਉਲੰਘਣਾ ਕੀਤੀ ਹੈ, ਬਲਕਿ ਹੁਣ ਉਹ ਹਰ ਜਗ?ਹਾ ਨਫ਼ਰਤ ਦੇ ਬਾਜ਼ਾਰ ਦੀਆਂ ਸ਼ਾਖਾਵਾਂ ਖੋਲ੍ਹਣ ’ਤੇ ਤੁਲੇ ਹੋਏ ਹਨ।’’
ਰਾਹੁਲ ਗਾਂਧੀ ਦੀ ਭੈਣ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਰਾਹੁਲ ਗਾਂਧੀ ਨੂੰ ਰੋਕੇ ਜਾਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪੱਤਰਕਾਰਾਂ ਨੂੰ ਕਿਹਾ, ‘‘ਸੰਭਲ ’ਚ ਜੋ ਹੋਇਆ ਉਹ ਗਲਤ ਹੈ। ਰਾਹੁਲ ਵਿਰੋਧੀ ਧਿਰ ਦੇ ਨੇਤਾ ਹਨ। ਉਨ੍ਹਾਂ ਕੋਲ ਸੰਵਿਧਾਨਕ ਵਿਸ਼ੇਸ਼ ਅਧਿਕਾਰ ਹਨ ਜੋ ਬਾਕੀਆਂ ਨਾਲੋਂ ਵੱਖਰੇ ਹਨ। ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ।’’