2 ਸੂਬਿਆਂ ਵਿਚ 60 ਸੀਟਾਂ ’ਤੇ 397 ਉਮੀਦਵਾਰ ਅਜ਼ਮਾ ਰਹੇ ਸਿਆਸੀ ਕਿਸਮਤ
Mizoram and Chhattisgarh Elections: ਇਸ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਛੱਤੀਸਗੜ੍ਹ ਅਤੇ ਮਿਜ਼ੋਰਮ ਵਿਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਛੱਤੀਸਗੜ੍ਹ 'ਚ ਪਹਿਲੇ ਪੜਾਅ ਤਹਿਤ 20 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਜਦਕਿ ਮਿਜ਼ੋਰਮ 'ਚ ਸਾਰੀਆਂ 40 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੱਸ ਦਈਏ ਕਿ ਛੱਤੀਸਗੜ੍ਹ, ਮਿਜ਼ੋਰਮ ਦੇ ਨਾਲ-ਨਾਲ ਮੱਧ ਪ੍ਰਦੇਸ਼, ਰਾਜਸਥਾਨ ਅਤੇ ਤੇਲੰਗਾਨਾ 'ਚ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
ਛੱਤੀਸਗੜ੍ਹ ਚੋਣਾਂ
ਛੱਤੀਸਗੜ੍ਹ 'ਚ ਕੁੱਲ 90 ਸੀਟਾਂ ਹਨ, ਜਿਨ੍ਹਾਂ 'ਚੋਂ 20 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਦੂਜੇ ਪੜਾਅ ਦੀਆਂ ਬਾਕੀ 70 ਸੀਟਾਂ ਲਈ 17 ਨਵੰਬਰ ਨੂੰ ਵੋਟਿੰਗ ਹੋਵੇਗੀ। ਜਿਨ੍ਹਾਂ 20 ਸੀਟਾਂ 'ਤੇ ਪਹਿਲੇ ਪੜਾਅ 'ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚੋਂ 12 ਨਕਸਲ ਪ੍ਰਭਾਵਿਤ ਇਲਾਕਿਆਂ 'ਚ ਹਨ। ਚੋਣ ਕਮਿਸ਼ਨ ਨੇ ਕੁੱਲ 25,000 ਪੋਲਿੰਗ ਅਫਸਰ ਅਤੇ 60,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ।
ਛੱਤੀਸਗੜ੍ਹ 'ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਕਾਂਗਰਸ ਦੇ 2018 ਦੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ 15 ਸਾਲ ਸੂਬੇ 'ਤੇ ਰਾਜ ਕਰਨ ਵਾਲੀ ਭਾਜਪਾ ਮੁੜ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਿਜ਼ੋਰਮ ਚੋਣਾਂ
ਮਿਜ਼ੋਰਮ ਵਿਚ ਅੱਜ 1,276 ਪੋਲਿੰਗ ਸਟੇਸ਼ਨਾਂ 'ਤੇ 8.57 ਲੱਖ ਵੋਟਰ 174 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 40 ਸੀਟਾਂ ਲਈ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤਕ ਜਾਰੀ ਰਹੇਗੀ।
ਇਥੇ ਮੁੱਖ ਮੁਕਾਬਲਾ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ, ਜ਼ੋਰਮ ਪੀਪਲਜ਼ ਮੂਵਮੈਂਟ ਅਤੇ ਕਾਂਗਰਸ ਵਿਚਾਲੇ ਹੈ, ਜਿਨ੍ਹਾਂ ਨੇ ਸਾਰੀਆਂ 40 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਜਦਕਿ ਭਾਜਪਾ ਨੇ 23 ਸੀਟਾਂ 'ਤੇ ਅਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਵੀ 4 ਸੀਟਾਂ 'ਤੇ ਆਪਣੀ ਕਿਸਮਤ ਅਜ਼ਮਾ ਰਹੀ ਹੈ। 27 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਪੀਟੀਆਈ ਅਨੁਸਾਰ, ਸੂਬੇ ਵਿਚ 3,000 ਪੁਲਿਸ ਕਰਮਚਾਰੀ ਅਤੇ ਸੀਏਪੀਐਫ ਤਾਇਨਾਤ ਹਨ। ਆਸਾਮ, ਮਨੀਪੁਰ ਅਤੇ ਤ੍ਰਿਪੁਰਾ ਨਾਲ ਲੱਗਦੀਆਂ ਸੂਬੇ ਦੀਆਂ ਸਰਹੱਦਾਂ ਨੂੰ ਵੀ ਵੋਟਿੰਗ ਦੇ ਮੱਦੇਨਜ਼ਰ ਸੀਲ ਕਰ ਦਿਤਾ ਗਿਆ ਹੈ।